ਵਾਸ਼ਿੰਗਟਨ: ਕੋਰੋਨਾਵਾਇਰਸ ਦੀ ਸਭ ਤੋਂ ਵੱਧ ਨਮਾਰ ਵਿਸ਼ਵ ਦੀ ਮਹਾਸ਼ਕਤੀ ਅਮਰੀਕਾ ਨੂੰ ਪਈ ਹੈ ਦੁਨੀਆ ’ਚ ਕੋਰੋਨਾ ਨਾਲ ਮਰਨ ਵਾਲੇ ਕੁੱਲ ਲੋਕਾਂ ਦੀ ਗਿਣਤੀ ’ਚੋਂ ਇੱਕ ਚੌਥਾਈ ਅਮਰੀਕਾ ਦੇ ਹਨ। ਤਾਜ਼ਾ ਅੰਕੜਿਆਂ ਮੁਤਾਬਕ ਲਾਗ ਦੇ ਇੱਕ ਤਿਹਾਈ ਤੋਂ ਵੱਧ ਮਾਮਲੇ ਅਮਰੀਕਾ ’ਚ ਸਾਹਮਣੇ ਆਏ ਹਨ। ਦੁਨੀਆ ’ਚ ਕਰੋਨਾ ਕਰਕੇ ਦੋ ਲੱਖ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ 30 ਲੱਖ ਤੋਂ ਜ਼ਿਆਦਾ ਲੋਕ ਇਸ ਤੋਂ ਪੀੜਤ ਹਨ।

ਜੌਹਨਜ਼ ਹੌਪਕਿਨਜ਼ ਯੂਨੀਵਰਸਿਟੀ ਮੁਤਾਬਕ ਕੋਰੋਨਾਵਾਇਰਸ ਦਾ ਸਭ ਤੋਂ ਜ਼ਿਆਦਾ ਅਸਰ ਅਮਰੀਕਾ ’ਤੇ ਪਿਆ ਹੈ ਤੇ ਉਥੇ 9.2 ਲੱਖ ਅਮਰੀਕੀ ਪੌਜ਼ੇਟਿਵ ਮਿਲੇ ਹਨ ਜਦਕਿ ਸ਼ੁੱਕਰਵਾਰ ਤਕ 51 ਹਜ਼ਾਰ ਮੌਤਾਂ ਹੋ ਚੁੱਕੀਆਂ ਸਨ। ਜੇਕਰ ਸਪੇਨ (2,19,764), ਇਟਲੀ (1,92,994), ਫਰਾਂਸ (1,59,495), ਜਰਮਨੀ (1,54,545), ਯੂਕੇ (1,44,635) ਤੇ ਤੁਰਕੀ (1,04,912) ਦੇ ਮਰੀਜ਼ਾਂ ਦੀ ਗਿਣਤੀ ਨੂੰ ਵੀ ਮਿਲਾ ਲਿਆ ਜਾਵੇ ਤਾਂ ਵੀ ਅਮਰੀਕਾ ’ਚ ਕਰੋਨਾ ਪੀੜਤਾਂ ਦੀ ਗਿਣਤੀ ਵੱਧ ਹੈ। ਯੂਨੀਵਰਸਿਟੀ ਮੁਤਾਬਕ ਮੌਤਾਂ ਦੀ ਗਿਣਤੀ ਸਭ ਤੋਂ ਵੱਧ ਹੋਣ ਦੇ ਬਾਵਜੂਦ ਅਮਰੀਕਾ ’ਚ ਮੌਤ ਦੀ ਦਰ ਹੋਰ ਮੁਲਕਾਂ ਦੇ ਮੁਕਾਬਲੇ ’ਚ ਬਹੁਤ ਘੱਟ ਹੈ।

ਅਮਰੀਕਾ ਤੋਂ ਬਾਅਦ ਸਭ ਤੋਂ ਵੱਧ ਮੌਤਾਂ ਇਟਲੀ (25969) ’ਚ ਹੋਈਆਂ ਹਨ ਜਦਕਿ ਸਪੇਨ ’ਚ 22,524, ਫਰਾਂਸ ’ਚ 22,245 ਵਿਅਕਤੀ ਮਾਰੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ’ਚ ਕਰੋਨਾ ਦਾ ਕਹਿਰ ਹੁਣ ਘੱਟ ਰਿਹਾ ਹੈ। ਬਰਤਾਨੀਆ ’ਚ ਮੌਤਾਂ ਦਾ ਅੰਕੜਾ 20 ਹਜ਼ਾਰ ਤੋਂ ਪਾਰ ਹੋ ਗਿਆ ਹੈ। ਯੂਕੇ ਵੱਲੋਂ ਸ਼ਨੀਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਅਨੁਸਾਰ ਕੋਰੋਨਾ ਲਾਗ ਕਾਰਨ ਦੇਸ਼ ਦੇ ਹਸਪਤਾਲਾਂ ’ਚ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 711 ਮੌਤਾਂ ਹੋਈਆਂ ਹਨ।