ਜਿਨੇਵਾ- ਈਰਾਨ ਦੇ ਵਿਰੋਧ ਪ੍ਰਦਰਸ਼ਨਾਂ ਬਾਰੇ ਯੂ ਐਨ ਸਕਿਓਰਟੀ ਕੌਂਸਲ ਤੋਂ ਈਰਾਨ ਦੇ ਖਿਲਾਫ ਕਾਰਵਾਈ ਕਰਵਾਉਣ ਦਾ ਅਮਰੀਕਾ ਦਾ ਯਤਨ ਅਸਫਲ ਰਿਹਾ ਹੈ। ਸਥਿਤੀ ‘ਤੇ ਚਰਚਾ ਵਾਸਤੇ ਸੱਦੀ ਗਈ ਹੰਗਾਮੀ ਬੈਠਕ ਦੌਰਾਨ ਸੁਰੱਖਿਆ ਕੌਂਸਲ ਦੇ ਪੰਜ ਸਥਾਈ ਮੈਂਬਰਾਂ ਵਿੱਚੋਂ ਤਿੰਨ ਦੇਸ਼ਾਂ ਫਰਾਂਸ, ਰੂਸ ਤੇ ਚੀਨ ਨੇ ਈਰਾਨ ਦਾ ਸਾਥ ਦਿੰਦੇ ਹੋਏ ਕਿਹਾ ਕਿ 15 ਮੈਂਬਰੀ ਸੁਰੱਖਿਆ ਕੌਂਸਲ ਈਰਾਨ ਦੀ ਮੌਜੂਦਾ ਸਥਿਤੀ ‘ਤੇ ਚਰਚਾ ਲਈ ਸਹੀ ਮੰਚ ਨਹੀਂ ਹੈ, ਕਿਉਂਕਿ ਇਸ ਨਾਲ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਖਤਰਾ ਪੈਦਾ ਨਹੀਂ ਹੁੰਦਾ।
ਇਸ ਬੈਠਕ ਦੌਰਾਨ ਅਮਰੀਕਾ ਦੀ ਦੂਤ ਨਿੱਕੀ ਹੈਲੇ ਨੇ ਈਰਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ, ‘ਤੁਸੀਂ ਜੋ ਕਰ ਰਹੇ ਹੋ, ਉਸ ਨੂੰ ਦੁਨੀਆ ਦੇਖ ਰਹੀ ਹੈ।’ ਵਰਨਣ ਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਦੇ ਵਿਖਾਵਾਕਾਰੀਆਂ ਦੇ ਸਮਰਥਨ ਵਿੱਚ ਬੋਲੇ ਹਨ। ਯੂ ਐਨ ਵਿੱਚ ਈਰਾਨ ਦੇ ਰਾਜਦੂਤ ਗੋਲਾਮਲੀ ਖੋਸ਼ੋਰੂ ਨੇ ਕਿਹਾ ਕਿ ਸੁਰੱਖਿਆ ਕੌਂਸਲ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਇਹ ਬੈਠਕ ਸੱਦ ਕੇ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਵੱਲੋਂ ਯੂ ਐਨ ਦਾ ਦੁਰ ਉਪਯੋਗ ਕਰਨ ਦੀ ਇਜਾਜ਼ਤ ਦਿੱਤੀ ਹੈ।