ਨਵੀਂ ਦਿੱਲੀ: ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਵਿਚਾਲੇ ਪ੍ਰਮਾਣੂ ਹਮਲੇ ਨੂੰ ਲੈ ਕੇ ਤਣਾਅ ਜਾਰੀ ਹੈ। ਦੋਵੇਂ ਸੋਸ਼ਲ ਮੀਡੀਆ 'ਤੇ ਇੱਕ-ਦੂਜੇ ਦੇ ਦੁਆਲੇ ਹੋਏ ਪਏ ਹਨ। ਦੋਹਾਂ ਮੁਲਕਾਂ ਦੇ ਵੱਡੇ ਲੀਡਰ ਸਿਰਫ਼ ਇੱਕ ਬਟਨ ਦਬਾ ਕੇ ਇੱਕ-ਦੂਜੇ ਨੂੰ ਉਡਾਉਣ ਦੀਆਂ ਧਮਕੀਆਂ ਦੇ ਰਹੇ ਹਨ।


ਕੁਝ ਦਿਨ ਪਹਿਲਾਂ ਕਿਮ ਜੋਂਗ ਉਨ ਨੇ ਕਿਹਾ ਸੀ ਕਿ ਉਨ੍ਹਾਂ ਦੇ ਟੇਬਲ ਕੋਲ ਪ੍ਰਮਾਣੂ ਬੰਬ ਦਾ ਬਟਨ ਹੈ ਜਿਸ ਨੂੰ ਨੱਪਦਿਆਂ ਹੀ ਅਮਰੀਕਾ ਤਬਾਹ ਹੋ ਜਾਵੇਗਾ। ਕੋਰਿਆਈ ਨੇਤਾ ਦੀ ਇਸ ਧਮਕੀ ਦਾ ਅਮਰੀਕੀ ਰਾਸ਼ਟਰਪਤੀ ਨੇ ਜੁਆਬ ਦਿੱਤਾ ਤੇ ਕਿਹਾ ਕਿ ਮੇਰੇ ਮੇਜ਼ ਕੋਲ ਵੀ ਇੱਕ ਬਟਨ ਹੈ। ਉਹ ਜ਼ਿਆਦਾ ਤਾਕਤਵਰ ਤੇ ਖ਼ਤਰਨਾਕ ਹੈ। ਸਵਾਲ ਇਹ ਹੈ ਕਿ ਕੀ ਵਾਕਿਆ ਹੀ ਇਨ੍ਹਾਂ ਦੇ ਮੇਜ਼ਾਂ ਕੋਲ ਅਜਿਹੇ ਬਟਨ ਹਨ ਜਿਸ ਤੋਂ ਪ੍ਰਮਾਣੂ ਹਮਲਾ ਹੋ ਸਕਦਾ ਹੈ।

ਖ਼ੈਰ, ਉੱਤਰੀ ਕੋਰੀਆ ਨੂੰ ਲੈ ਕੇ ਫ਼ਿਲਹਾਲ ਇਹ ਸਾਫ਼ ਨਹੀਂ ਕਿ ਉਸ ਕੋਲ ਪ੍ਰਮਾਣੂ ਹਥਿਆਰ ਹਨ ਜਾਂ ਨਹੀਂ ਕਿਉਂਕਿ ਉਸ ਨੇ ਅਜੇ ਤੱਕ ਪ੍ਰਮਾਣੂ ਕੰਟਰੋਲ ਰਿਐਕਟਰ ਸਥਾਪਤ ਨਹੀਂ ਕੀਤਾ। ਸਾਲ 2006, 2009, 2013, 2016 ਤੇ 2017 ਵਿੱਚ ਉਹ ਪ੍ਰਮਾਣੂ ਹਥਿਆਰਾਂ ਨਾਲ ਲੈਸ ਮਿਜ਼ਾਈਲਾਂ ਦਾ ਟੈਸਟ ਜ਼ਰੂਰ ਕਰ ਚੁੱਕਿਆ ਹੈ>

ਅਮਰੀਕਾ ਦੀ ਗੱਲ ਕਰੀਏ ਤਾਂ ਇਹ ਸਾਫ਼ ਹੈ ਕਿ ਉਹ 1945 ਵਿੱਚ ਜਪਾਨ 'ਤੇ ਪ੍ਰਮਾਣੂ ਬੰਬਾਂ ਨਾਲ ਹਮਲੇ ਕਰ ਚੁੱਕਿਆ ਹੈ। ਪ੍ਰਮਾਣੂ ਹਮਲਾ ਕਰਨਾ ਇੰਨਾ ਸੌਖਾ ਨਹੀਂ ਕਿ ਸਿਰਫ਼ ਇੱਕ ਬਟਨ ਦਬਾ ਕੇ ਹਮਲਾ ਹੋ ਜਾਵੇ। ਮਤਲਬ ਟ੍ਰੰਪ ਦਾ ਇਹ ਕਹਿਣਾ ਸਿਰਫ਼ ਆਪਣਾ ਰੁਖ ਸਾਫ਼ ਕਰਨਾ ਹੈ। ਦਰਅਸਲ ਅਮਰੀਕੀ ਪ੍ਰਮਾਣੂ ਬੰਬ ਫਾਇਰ ਕਰਨ ਲਈ ਫੁਟਬਾਲ ਤੇ ਬਿਸਕੁਟ ਦੀ ਲੋੜ ਹੁੰਦੀ ਹੈ। ਇਨ੍ਹਾਂ ਦੋਹਾਂ ਦੇ ਨਾਲ ਅਮਰੀਕੀ ਰਾਸ਼ਟਰਪਤੀ ਬੰਬ ਧਮਾਕੇ ਕਰਨ ਦਾ ਹੁਕਮ ਦਿੰਦਾ ਹੈ।

ਅਮਰੀਕੀ ਰਾਸ਼ਟਰਪਤੀ ਕੋਲ ਇੱਕ ਅਜਿਹਾ ਬਰੀਫ਼ਕੇਸ ਹੁੰਦਾ ਹੈ ਜਿਸ ਨੂੰ 'ਨਿਊਕਲੀਅਰ ਫੁਟਬਾਲ' ਕਹਿੰਦੇ ਹਨ। ਇਸ ਵਿੱਚ ਨਿਊਕਲੀਅਰ ਟੂਲ ਦੇ ਨਾਲ ਕੁਝ ਕਿਤਾਬਾਂ ਹੁੰਦੀਆਂ ਹਨ। ਇਸ ਦੀ ਮਦਦ ਨਾਲ ਹੀ ਪ੍ਰਮਾਣੂ ਅਟੈਕ ਕਰਨ ਬਾਰੇ ਫ਼ੈਸਲਾ ਰਾਸ਼ਟਰਪਤੀ ਕਰਦਾ ਹੈ। ਤਕਨੀਕੀ ਤੌਰ 'ਤੇ ਬਿਸਕੁਟ ਕ੍ਰੈਡਿਟ ਕਾਰਡ ਵਾਂਗ ਨਜ਼ਰ ਆਉਂਦਾ ਹੈ। ਇਸ ਵਿੱਚ ਕੁਝ ਕੋਰਡ ਲਿਖੇ ਹੁੰਦੇ ਹਨ। ਇਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਵੱਲੋਂ ਫ਼ੌਜ ਨੂੰ ਦੱਸ ਕੇ ਆਪਣੀ ਪਛਾਣ ਪੱਕੀ ਕਰਨੀ ਹੁੰਦੀ ਹੈ। ਇਨ੍ਹਾਂ ਕੋਰਡ ਦੇ ਮੈਚ ਹੋਣ ਤੋਂ ਬਾਅਦ ਹੀ ਪ੍ਰਮਾਣੂ ਹਮਲਾ ਕੀਤਾ ਜਾਂਦਾ ਹੈ।