ਇਸਲਾਮਾਬਾਦ: ਅਮਰੀਕੀ ਖਿਚਾਈ ਮਗਰੋਂ ਪਾਕਿਸਤਾਨ ਨੇ ਅੱਤਵਾਦੀ ਜਥੇਬੰਦੀਆਂ 'ਤੇ ਨੱਥ ਪਾਉਣ ਲਈ ਵੱਡੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਦਰਅਸਲ ਪਾਕਿਸਤਾਨ ਦੀ ਸਖ਼ਤੀ ਨੂੰ ਦੁਨੀਆ ਭਰ ਦੇ ਮੁਲਕਾਂ ਵੱਲੋਂ ਪਾਏ ਦਬਾਅ ਵਜੋਂ ਵੇਖਿਆ ਜਾ ਰਿਹਾ ਹੈ। ਅਮਰੀਕਾ ਨੇ ਤਾਂ ਫੰਡ ਤੱਕ ਰੋਕ ਦਿੱਤੇ ਹਨ।
ਅੱਤਵਾਦੀ ਜਥੇਬੰਦੀਆਂ 'ਤੇ ਰੋਕ ਲਾਉਣ ਨੂੰ ਲੈ ਕੇ ਪਾਕਿਸਤਾਨ ਨੇ ਕਿਹਾ ਹੈ ਕਿ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰ ਮਾਇੰਡ ਹਾਫ਼ਿਜ਼ ਸਈਦ ਦੀ ਚੈਰਿਟੀ ਜਥੇਬੰਦੀ ਨੂੰ ਪੈਸਾ ਦੇਣ ਵਾਲਿਆਂ ਨੂੰ ਜੁਰਮਾਨੇ ਦੇ ਨਾਲ ਸਜ਼ਾ ਵੀ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਪਾਕਿਸਤਾਨ ਨੂੰ ਦਿੱਤੀ ਜਾ ਰਹੀ 90 ਕਰੋੜ ਡਾਲਰ ਦੀ ਆਰਥਿਕ ਮਦਦ 'ਤੇ ਰੋਕ ਲਾ ਦਿੱਤੀ ਸੀ। ਇਸ ਤੋਂ ਪਹਿਲਾਂ ਟ੍ਰੰਪ ਨੇ ਪਾਕਿਸਤਾਨ ਵੱਲੋਂ ਅੱਤਵਾਦੀਆਂ ਨੂੰ ਆਪਣੇ ਮੁਲਕ ਵਿੱਚ ਪਨਾਹ ਦੇਣ ਤੇ ਅੱਤਵਾਦੀ ਜਥੇਬੰਦੀਆਂ 'ਤੇ ਕਰੜੇ ਕਦਮ ਨਾ ਚੁੱਕਣ ਕਰਕੇ ਆਰਥਿਕ ਮਦਦ ਰੋਕਣ ਦਾ ਐਲਾਨ ਕੀਤਾ ਸੀ।
ਇਹ ਚਿਤਾਵਨੀ ਉਰਦੂ ਵਿੱਚ ਮੁਲਕ ਦੇ ਸਾਰੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਰੂਪ ਵਿੱਚ ਦਿੱਤ ਗਈ ਹੈ। ਇਸ਼ਤਿਹਾਰ ਵਿੱਚ ਸਈਦ ਦੇ ਜਮਾਤ-ਉਦ-ਦਾਅਵਾ, ਫਲਾਹ-ਏ-ਇਨਸਾਨਿਅਤ ਫਾਉਂਡੇਸ਼ਨ ਅਤੇ ਮਸੂਦ ਅਜ਼ਹਰ ਦੇ ਜੈਸ਼-ਏ-ਮੁਹੰਮਦ ਵਰਗੀਆਂ 72 ਜਥੇਬੰਦੀਆਂ ਦੇ ਨਾਮ ਦਿੱਤੇ ਗਏ ਹਨ।