ਇਸਲਾਮਾਬਾਦ: ਪਾਕਿਸਤਾਨ ਵਿੱਚ ਤਹਿਰੀਕ-ਏ-ਇਨਸਾਫ ਦੇ ਨੇਤਾ ਇਮਰਾਨ ਖ਼ਾਨ ਦੇ ਤੀਜੀ ਵਾਰ ਵਿਆਹ ਕਰਵਾਉਣ ਦੀ ਖ਼ਬਰ ਹੈ। ਹਾਲਾਂਕਿ, ਉਨ੍ਹਾਂ ਦੇ ਸਹਿਯੋਗੀਆਂ ਨੇ ਇਸ ਤੋਂ ਇਨਕਾਰ ਕੀਤਾ ਹੈ।
ਅਖ਼ਬਾਰ ਦ ਨਿਊਜ਼ ਨੇ ਖ਼ਬਰ ਦਿੱਤੀ ਹੈ ਕਿ ਇਮਰਾਨ ਨੇ ਬੀਤੀ 1 ਜਨਵਰੀ ਦੀ ਰਾਤ ਲਾਹੌਰ ਵਿੱਚ ਆਪਣੀ ਅਧਿਆਤਮਕ ਮਾਰਗਦਰਸ਼ਕ ਨਾਲ ਵਿਆਹ ਕਰ ਲਿਆ। ਅਗਲੇ ਦਿਨ ਇਸਲਾਮਾਬਾਦ ਦੀ ਅਤਿਵਾਦੀ ਵਿਰੋਧੀ ਅਦਾਲਤ ਦੇ ਸਾਹਮਣੇ ਹਾਜ਼ਰ ਹੋਣ ਚਲੇ ਗਏ। ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ।
ਅਖ਼ਬਾਰ ਦਾ ਦਾਅਵਾ ਹੈ ਕਿ ਨਿਕਾਹ ਉਨ੍ਹਾਂ ਦੀ ਪਾਰਟੀ ਦੇ ਕੋਰ ਕਮੇਟੀ ਦੇ ਮੈਂਬਰ ਮੁਫ਼ਤੀ ਸਈਦ ਨੇ ਪੜ੍ਹਿਆ ਸੀ। ਇਮਰਾਨ ਦੀ ਨਵੀਂ ਪਤਨੀ ਦਾ ਨਾਂ ਬੁਸ਼ਰਾ ਬੀਬੀ ਦੱਸਿਆ ਜਾ ਰਿਹਾ ਹੈ।
ਖ਼ਬਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੁਝ ਮਹੀਨੇ ਪਹਿਲਾਂ ਇਸ ਔਰਤ ਨੇ ਸਰਕਾਰੀ ਨੌਕਰੀ 'ਤੇ ਲੱਗੇ ਹੋਏ ਆਪਣੇ ਪਹਿਲੇ ਪਤੀ ਤੋਂ ਤਲਾਕ ਲੈਣ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਸੀ। ਜੀਓ ਨਿਊਜ਼ ਨੇ ਦੱਸਿਆ ਹੈ ਕਿ ਬੁਸ਼ਰਾ ਬੀਬੀ ਦੇ ਪਹਿਲੇ ਪਤੀ ਨੇ ਵਿਆਹ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਤਹਿਰੀਕ-ਏ-ਇਨਸਾਫ ਦੀ ਨੇਤਾ ਸ਼ਿਰੀਨ ਮਜਾਰੀ ਨੇ ਟਵੀਟ ਕੀਤਾ ਹੈ ਕਿ ਇਹ ਸਭ ਖ਼ਬਰਾਂ ਬਕਵਾਸ ਹਨ। ਉਨ੍ਹਾਂ ਲਿਖਿਆ ਕਿ ਜਦੋਂ ਸੁਪਰੀਮ ਕੋਰਟ ਨੇ ਇਮਰਾਨ ਖ਼ਾਨ ਦੇ ਵਿਰੋਧੀਆਂ ਨੂੰ ਭ੍ਰਿਸ਼ਟਾਚਾਰ ਦੀਆਂ ਕਹਾਣੀਆਂ ਘੜਨ ਤੋਂ ਰੋਕ ਦਿੱਤਾ ਤਾਂ ਉਹ ਵਿਆਹ ਦੀ ਕਹਾਣੀ ਘੜ ਰਹੇ ਹਨ।
ਇਮਰਾਨ ਪਹਿਲਾਂ ਦੋ ਵਾਰ ਵਿਆਹ ਕਰ ਚੁੱਕੇ ਹਨ। ਪਹਿਲਾ ਵਿਆਹ ਜੋਮਿਮਾ ਗੋਲਡਸਮਿੱਥ ਨਾਲ 16 ਮਈ, 1996 ਨੂੰ ਕੀਤੀ ਸੀ ਤੇ 22 ਜੂਨ, 2004 ਨੂੰ ਦੋਵਾਂ ਦਾ ਤਲਾਕ ਹੋ ਗਿਆ ਸੀ। ਉਨ੍ਹਾਂ ਦੂਜਾ ਵਿਆਹ ਟੈਲੀਵਿਜ਼ਨ ਐਂਕਰ ਰੇਹਾਮ ਖ਼ਾਨ ਨਾਲ ਕੀਤੀ, ਪਰ ਉਨ੍ਹਾਂ ਦਾ ਇਹ ਵਿਆਹ ਸਿਰਫ 10 ਮਹੀਨਿਆਂ ਵਿੱਚ ਹੀ ਟੁੱਟ ਗਿਆ ਸੀ।