ਵਾਸ਼ਿੰਗਟਨ: ਅਮਰੀਕਾ ਦੇ ਇੱਕ ਸਿਖਰਲੇ ਅਖ਼ਬਾਰ ਨੇ ਇਲਜ਼ਾਮ ਲਾਇਆ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਰੀ ਕਰਕੇ ਆਪਣੇ ਪਿਤਾ ਤੇ ਨਿਊਯਾਰਕ ਦੇ ਮੰਨੇ-ਪ੍ਰਮੰਨੇ ਬਿਲਡਰ ਫਰੈੱਡ ਸੀ. ਟਰੰਪ ਦੀ ਅਰਬਾਂ ਰੁਪਏ ਦੀ ਜਾਇਦਾਦ ਹਾਸਲ ਕੀਤੀ। 'ਨਿਊਯਾਰਕ ਟਾਈਮਜ਼' ਅਖ਼ਬਾਰ ਨੇ ਆਪਣੀ ਖ਼ਬਰ ਵਿੱਚ ਕਿਹਾ ਕਿ ਟਰੰਪ ਨੇ ਰਾਸ਼ਟਰਪਤੀ ਚੋਣਾਂ ਦੌਰਾਨ ਦਾਅਵਾ ਕੀਤਾ ਸੀ ਕਿ ਉਹ ਆਪਣੇ ਬਲਬੂਤੇ 'ਤੇ ਅਰਬਪਤੀ ਬਣੇ ਹਨ ਤੇ ਉਹ ਲੰਮਾ ਸਮਾਂ ਇਹ ਕਹਿੰਦੇ ਰਹੇ ਕਿ ਉਨ੍ਹਾਂ ਆਪਣੇ ਪਿਤਾ ਫਰੈੱਡ ਟਰੰਪ ਤੋਂ ਕੋਈ ਵਿੱਤੀ ਮਦਦ ਨਹੀਂ ਲਈ।


ਅਖ਼ਬਾਰ ਨੇ ਦਾਅਵਾ ਕੀਤਾ ਹੈ ਕਿ ਗੁਪਤ ਟੈਕਸ ਰਿਟਰਨ ਦੇ ਬਹੁਤ ਸਾਰੇ ਦਸਤਾਵੇਜ਼ਾਂ ਤੇ ਵਿੱਤੀ ਰਿਕਾਰਡਾਂ ਦੇ ਆਧਾਰ 'ਤੇ ਉਨ੍ਹਾਂ ਦੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਟਰੰਪ ਨੂੰ ਆਪਣੇ ਪਿਤਾ ਦੇ ਰੀਅਲ ਅਸਟੇਟ ਦੇ ਸਾਮਰਾਜ ਤੋਂ ਅੱਜ ਦੇ ਹਿਸਾਬ ਨਾਲ ਘੱਟੋ-ਘੱਟ 41.3 ਕਰੋੜ ਡਾਲਰ ਮਿਲੇ ਸਨ। ਅਖ਼ਬਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਵਿੱਚੋਂ ਜ਼ਿਆਦਾਤਰ ਪੈਸਾ ਟਰੰਪ ਨੂੰ ਇਸ ਲਈ ਮਿਲਿਆ ਕਿਉਂਕਿ ਉਨ੍ਹਾਂ ਟੈਕਸ ਅਦਾ ਕਰਨ ਤੋਂ ਬਚਣ ਵਿੱਚ ਮਦਦ ਕੀਤੀ ਸੀ।

ਖ਼ਬਰ ਮੁਤਾਬਕ ਉਨ੍ਹਾਂ ਤੇ ਉਨ੍ਹਾਂ ਦੇ ਭੈਣ-ਭਰਾਵਾਂ ਨੇ ਆਪਣੇ ਪਿਤਾ ਵੱਲੋਂ ਤੋਹਫ਼ੇ ਵਿੱਚ ਮਿਲੀ ਅਰਬਾਂ ਰੁਪਏ ਦੀ ਜਾਇਦਾਦ ਨੂੰ ਲੁਕਾਉਣ ਲਈ ਕਈ ਫਰਜ਼ੀ ਕੰਪਨੀਆਂ ਬਣਾਈਆਂ। ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਟਰੰਪ ਨੇ ਲੱਖਾਂ ਰੁਪਏ ਦੇ ਕਰ ਨੂੰ ਲੁਕਾਉਣ ਲਈ ਆਪਣੇ ਪਿਤਾ ਦੀ ਮਦਦ ਕੀਤੀ। ਅਖ਼ਬਾਰ ਨੇ ਕਿਹਾ ਕਿ ਟਰੰਪ ਨੇ ਆਪਣੇ ਮਾਪਿਆਂ ਦੀਆਂ ਰੀਅਲ ਅਸਟੇਸ ਜਾਇਦਾਦਾਂ ਦੀ ਘੱਟ ਕੀਮਤ ਲਾਉਣ ਦੀ ਰਣਨੀਤੀ ਘੜਨ ਵਿੱਚ ਵੀ ਮਦਦ ਕੀਤੀ, ਜਿਸ ਨਾਲ ਇਹ ਜਾਇਦਾਦਾਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਭਰਾਵਾਂ ਨੂੰ ਦੇ ਦਿੱਤੀਆਂ ਗਈਆਂ, ਜਿਸ ਨਾਲ ਟੈਕਸ ਕਾਫੀ ਹੱਦ ਤਕ ਘਟ ਗਿਆ।

ਉੱਧਰ, ਵ੍ਹਾਈਟ ਹਾਊਸ ਨੇ ਇਸ ਖ਼ਬਰ 'ਤੇ ਨਾਰਾਜ਼ਗੀ ਜਤਾਈ ਤੇ 'ਨਿਊਯਾਰਕ ਟਾਈਮਜ਼' ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ। ਵ੍ਹਾਈਟ ਹਾਊਸ ਦੀ ਤਰਜ਼ਮਾਨ ਸਾਰਾ ਸੈਂਡਰਸ ਨੇ ਕਿਹਾ ਕਿ ਫਰੈਡ ਟਰੰਪ ਨੂੰ ਗਿਆਂ ਤਕਰੀਬਨ 20 ਸਾਲ ਹੋ ਗਏ ਤੇ ਵਿਹਲੇ 'ਨਿਊਯਾਰਕ ਟਾਈਮਜ਼' ਨੇ ਟਰੰਪ ਪਰਿਵਾਰ ਖਿਲਾਫ ਅਜਿਹਾ ਭਰਮਾਉਣ ਵਾਲਾ ਹਮਲਾ ਕਰਨਾ ਦੁਖਦਾਈ ਹੈ। ਉਨ੍ਹਾਂ ਦੱਸਿਆ ਕਿ ਕਈ ਦਹਾਕੇ ਪਹਿਲਾਂ ਇੰਟਰਨੈੱਟ ਮਾਲੀਆ ਸੇਵਾ ਨੇ ਇਸ ਲੈਣ-ਦੇਣ ਦੀ ਸਮੀਖਿਆ ਕੀਤੀ ਸੀ ਤੇ ਇਸ 'ਤੇ ਦਸਤਖ਼ਤ ਵੀ ਕੀਤੇ ਸਨ।