ਓਟਾਵਾ: 14 ਮਹੀਨਿਆਂ ਦੀ ਸਖ਼ਤ ਗੱਲਬਾਤ ਪਿੱਛੋਂ ਕੈਨੇਡਾ ਨੇ ਨਵੇਂ ਵਪਾਰਕ ਸੌਦੇ ’ਤੇ ਦਸਤਖ਼ਤ ਕੀਤੇ ਹਨ। ਇਹ ਡੀਲ ਅਮਰੀਕਾ ਤੇ ਮੈਕਸੀਕੋ ਨਾਲ ਕੀਤੀ ਗਈ ਹੈ। ਇਸ ਕਰਾਰ ਨੂੰ ਯੂਐਸ ਮੈਕਸੀਕੋ ਕੈਨੇਡਾ ਐਗਰੀਮੈਂਟ ਯਾਨੀ USMCA ਦਾ ਨਾਂ ਦਿੱਤਾ ਗਿਆ ਹੈ।
ਹਾਲਾਂਕਿ ਇਸ ਵਪਾਰ ਸੌਦੇ ਲਈ ਟਰੂਡੋ ਸਰਕਾਰ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਇਸ ਡੀਲ ਦਾ ਸਵਾਗਤ ਕੀਤਾ ਹੈ ਤੇ ਡੀਲ ਦੀ ਤਾਰੀਫ ਵੀ ਕੀਤੀ ਹੈ। ਐਤਵਾਰ ਰਾਤ ਇਸ ਅਹਿਮ ਕਰਾਰਨਾਮੇ ’ਤੇ ਫੈਸਲਾ ਕਰਨ ਪਿੱਛੋਂ ਸੋਮਵਾਰ ਨੂੰ ਪ੍ਰਧਾਨ ਮੰਤਰੀ ਟਰੂਡੋ ਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਟਰੂਡੋ ਨੇ ਕਿਹਾ ਕਿ ਇਹ ਸੌਦਾ ਕੈਨੇਡੀਅਨ ਕਾਮਿਆਂ, ਪਰਿਵਾਰਾਂ ਤੇ ਵਪਾਰ ਲਈ ਚੰਗਾ ਸਾਬਤ ਹੋਵੇਗਾ।
ਪੀਐਮ ਟਰੂਡੋ ਨੇ ਕਿਹਾ ਕਿ ਇਹ ਸੌਦਾ NAFTA ਡੀਲ ਦੀ ਜਗ੍ਹਾ ਲਵੇਗਾ ਜੋ ਸਪਲਾਈ ਪ੍ਰਬੰਧਨ ਦੀ ਰੱਖਿਆ ਕਰੇਗਾ। ਇਸ ਨਾਲ ਆਟੋ ਟੈਰਿਫਸ ਤੋਂ ਵੀ ਬਚਾਅ ਰਹੇਗਾ ਤੇ ਦੱਖਣੀ ਗੁਆਂਢੀਆਂ ਨਾਲ ਕਿਸੇ ਵੀ ਕਿਸਮ ਦੇ ਵਿਵਾਦ ’ਤੇ ਨਿਰਪੱਖ ਸੁਣਵਾਈ ਹੋ ਸਕੇਗੀ। ਹਾਲਾਂਕਿ ਵਿਰੋਧੀ ਪਾਰਟੀਆਂ ਨੇ ਇਸ ਕਰਾਰ ’ਤੇ ਸਵਾਲ ਉਠਾਏ ਹਨ।
ਕਨਜ਼ਰਵੇਟਿਵ ਲੀਡਰ ਐਂਡਰਿਊ ਸਕੀਰ ਨੇ ਕਿਹਾ ਕਿ ਇਹ ਜਾਪਦਾ ਹੈ ਕਿ ਲਿਬਰਲਸ ਟਰੰਪ ਪ੍ਰਸ਼ਾਸਨ ਦੀਆਂ ਮੰਗਾਂ ਸਾਹਮਣੇ ਝੁਕ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਈ ਅਹਿਮ ਮਾਮਲਿਆਂ ਵਿੱਚ ਵੱਡੀਆਂ ਕਟੌਤੀਆਂ ਦੇ ਦਿੱਤੀਆਂ ਹਨ, ਜਿਸ ਕਾਰਨ ਕੈਨੇਡੀਅਨਾਂ ਦੇ ਖਰਚੇ ਵਧ ਜਾਣਗੇ। ਡੇਅਰੀ ਕਿਸਾਨਾਂ ਨੇ ਵੀ ਇਸ ਸੌਦੇ ’ਤੇ ਸਵਾਲ ਚੁੱਕੇ ਹਨ। ਇਹ ਕਰਾਰਨਾਮਾ ਅਮਰੀਕਾ ਵੱਲੋਂ ਪੇਸ਼ ਕੀਤੀ ਗਈ ਪਹਿਲੀ ਅਕਤੂਬਰ ਦੀ ਮਿਆਦ ਤੋਂ ਠੀਕ ਪਹਿਲਾਂ ਕੀਤਾ ਗਿਆ ਹੈ।