ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵ੍ਹਾਈਟ ਹਾਊਸ ਵਿੱਚ ਜਿੱਤ ਦੇ ਜਸ਼ਨ ਮਨਾ ਰਹੇ ਹਨ। ਐਤਵਾਰ ਨੂੰ ਦਿੱਤੀ ਗਈ ਡੈਡਲਾਈਨ ਤੋਂ ਠੀਕ ਪਹਿਲਾਂ ਹੋਏ ਵਪਾਰ ਸੌਦੇ ’ਤੇ ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਹੈ। ਇਸ ਦੌਰਾਨ ਉਨ੍ਹਾਂ 25 ਸਾਲ ਪੁਰਾਣੇ ਨਾਰਥ ਅਮਰੀਕਨ ਫ੍ਰੀ ਟਰੇਡ ਐਗਰੀਮੈਂਟ, ਯਾਨੀ ਕਿ NAFTA ਡੀਲ ਦੇ ਖਾਤਮੇ ਦਾ ਐਲਾਨ ਕੀਤਾ।

ਇਸ ਦੇ ਨਾਲ ਹੀ ਟਰੰਪ ਦੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਚੱਲ ਰਹੇ ਤਣਾਅ ਤੋਂ ਵੀ ਰਾਹਤ ਦੀਆਂ ਖਬਰਾਂ ਹਨ। ਟਰੰਪ ਨੇ ਮੰਨਿਆ ਕਿ ਉਨ੍ਹਾਂ ਤੇ ਪ੍ਰਧਾਨ ਮੰਤਰੀ ਟਰੂਡੋ ਵਿਚਾਲੇ ਕੁਝ ਤਣਾਅ ਚੱਲ ਰਿਹਾ ਸੀ, ਪਰ ਇਹ ਸਭ NAFTA ਡੀਲ ਕਰਕੇ ਸੀ। ਹੁਣ ਦੋਵੇਂ ਮੁਲਕਾਂ ਦੇ ਵਪਾਰ ਸੌਦੇ ’ਤੇ ਕਰਾਰ ਤੋਂ ਬਾਅਦ ਸਭ ਠੀਕ ਹੋ ਚੁੱਕਿਆ ਹੈ।

ਵਾਈਟ ਹਾਊਸ ਦੇ ਰੋਜ਼ ਗਾਰਡਨ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਟਰੰਪ ਨੇ ਕਿਹਾ ਕਿ ਉਨ੍ਹਾਂ ਤੇ ਟਰੂਡੋ ਵਿਚਾਲੇ ਕਾਫੀ ਤਣਾਅ ਸੀ, ਪਰ ਨਵੇਂ ਵਪਾਰ ਸੌਦੇ ਕਰਕੇ ਉਹ ਸਭ ਕੱਲ੍ਹ ਰਾਤ 12 ਵਜੇ ਖਤਮ ਹੋ ਗਿਆ। ਉਨ੍ਹਾਂ ਕਿਹਾ ਕਿ ਜਸਟਿਨ ਨਾਲ ਸਿਰਫ ਇੱਕ ਹੀ ਸਮੱਸਿਆ ਹੈ ਕਿ ਉਹ ਆਪਣੇ ਲੋਕਾਂ ਨੂੰ ਪਿਆਰ ਕਰਦੇ ਹਨ ਤੇ ਆਪਣੇ ਲੋਕਾਂ ਲਈ ਲੜਦੇ ਹਨ।

ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜਸਟਿਨ ਚੰਗਾ ਮਨੁੱਖ ਹੈ ਤੇ ਉਹ ਚੰਗਾ ਕੰਮ ਕਰ ਰਿਹਾ ਹੈ। ਹਾਲਾਂਕਿ ਟਰੰਪ ਨੇ ਕੈਨੇਡੀਅਨ ਸਟੀਲ ਤੇ ਐਲੂਮੀਨੀਅਮ ਦੇ ਐਕਸਪੋਰਟ ’ਤੇ ਲੱਗਣ ਵਾਲੇ ਟੈਕਸ ਨੂੰ ਆਪਣੀ ਜਗ੍ਹਾ ’ਤੇ ਕਾਇਮ ਦੱਸਿਆ ਪਰ ਜਦ ਤਕ ਕੈਨੇਡਾ ਤੇ ਮੈਕਸੀਕੋ ਨਵੇਂ ਕਰਾਰ ਦੇ ਹਿਸਾਬ ਨਾਲ ਚੱਲਣਗੇ, ਉਦੋਂ ਤਕ ਇਹ ਸਾਰੇ ਟਾਕਸ ਲਾਗੂ ਕਰਨ ਦੀ ਲੋੜ ਨਹੀਂ ਪਵੇਗੀ।