ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਉਤਪਾਦਾਂ 'ਤੇ ਜ਼ਿਆਦਾ ਟੈਕਸ ਰੱਖਣ ਲਈ ਭਾਰਤ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਮੈਨੂੰ ਖੁਸ਼ ਕਰਨ ਲਈ ਅਮਰੀਕਾ ਨਾਲ ਵਪਾਰਕ ਕਰਾਰ ਕਰਨਾ ਚਾਹੁੰਦਾ ਹੈ। ਟਰੰਪ ਨੇ ਕੁਝ ਹੀ ਦਿਨਾਂ 'ਚ ਦੂਜੀ ਵਾਰ ਭਾਰਤ 'ਤੇ ਜ਼ਿਆਦਾ ਟੈਕਸ ਦਾ ਇਲਜ਼ਾਮ ਲਾਇਆ ਹੈ। ਟਰੰਪ ਨੇ ਮੈਕਸੀਕੋ ਤੇ ਕੈਨੇਡਾ ਨਾਲ ਨਵੀਂ ਟਰੇਡ ਡੀਲ ਦੇ ਐਲਾਨ ਲਈ ਵਾਈਟ ਹਾਊਸ 'ਚ ਰੱਖੇ ਪੱਤਰਕਾਰ ਸੰਮੇਲਨ 'ਚ ਇਹ ਇਲਜ਼ਾਮ ਲਾਇਆ ਹੈ।
ਟਰੰਪ ਨੇ ਕਿਹਾ ਭਾਰਤ 'ਟੈਕਸ ਦਾ ਰਾਜਾ':
ਮੈਕਸੀਕੋ ਤੇ ਕੈਨੇਡਾ ਨਾਲ ਕਰਾਰ ਦੇ ਐਲਾਨ ਤੋਂ ਬਾਅਦ ਟਰੰਪ ਨੇ ਉਨ੍ਹਾਂ ਬਿਜ਼ਨੈੱਸ ਡੀਲਸ ਬਾਰੇ ਦੱਸਿਆ ਜਿੰਨਾ 'ਤੇ ਗੱਲਬਾਤ ਚੱਲ ਰਹੀ ਹੈ। ਇਨ੍ਹਾਂ 'ਚ ਜਾਪਾਨ, ਯੂਰਪੀ ਸੰਘ, ਚੀਨ ਤੇ ਭਾਰਤ ਸ਼ਾਮਲ ਹਨ। ਟਰੰਪ ਨੇ ਭਾਰਤ ਨੂੰ 'ਟੈਕਸ ਦਾ ਰਾਜਾ' ਕਰਾਰ ਦਿੱਤਾ। ਉਨ੍ਹਾਂ ਆਪਣੇ ਇਸ ਦੋਸ਼ ਨੂੰ ਦੁਹਰਾਇਆ ਕਿ ਭਾਰਤ ਨੇ ਅਮਰੀਕੀ ਉਤਪਾਦਾਂ 'ਤੇ ਜ਼ਿਆਦਾ ਟੈਕਸ ਲਾਇਆ ਹੈ। ਟਰੰਪ ਨੇ ਭਾਰਤੀ ਉਤਪਾਦਾਂ 'ਤੇ ਇਸ ਤਰ੍ਹਾਂ ਦੇ ਟੈਕਸ ਲਾਉਣ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਭਾਰਤੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਅਮਰੀਕਾ ਨਾਲ ਵਪਾਰ ਸਮਝੌਤਾ ਕਰਨਾ ਚਾਹੁੰਦੇ ਹਨ। ਇਹ ਗੱਲਬਾਤ ਅਮਰੀਕੀ ਅਧਿਕਾਰੀ ਰੌਬਰਟ ਲਾਇਟਾਇਜ਼ਰ ਅੱਗੇ ਵਧਾ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਨੂੰ ਖੁਸ਼ ਕਰਨਾ ਚਾਹੁੰਦਾ ਭਾਰਤ:
ਟਰੰਪ ਨੇ ਕਿਹਾ ਕਿ ਜਦੋਂ ਅਮਰੀਕੀ ਅਧਿਕਾਰੀਆਂ ਨੇ ਭਾਰਤੀਆਂ ਤੋਂ ਪੁੱਛਿਆ ਕਿ ਉਹ ਅਮਰੀਕਾ ਨਾਲ ਵਪਾਰ ਕਰਾਰ ਕਿਉਂ ਕਰਨਾ ਚਾਹੁੰਦੇ ਹਨ ਤਾਂ ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨੂੰ ਖੁਸ਼ ਕਰਨ ਲਈ ਅਜਿਹਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਟਰੰਪ ਨੇ ਕਿਹਾ ਸੀ ਕਿ ਭਾਰਤ ਚਾਹੁੰਦਾ ਹੈ ਕਿ ਅਮਰੀਕਾ ਉਸ ਦੇ ਉਤਪਾਦਾਂ 'ਤੇ ਜ਼ਿਆਦਾ ਟੈਕਸ ਨਾ ਲਾਵੇ। ਇਸੇ ਵਜ੍ਹਾ ਨਾਲ ਉਹ ਸਾਡੇ ਨਾਲ ਬਿਜ਼ਨੈੱਸ ਡੀਲ ਕਰਨਾ ਚਾਹੁੰਦਾ ਹੈ।