ਬਗਦਾਦ: ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਰੂੜੀਵਾਦੀ ਲੋਕਾਂ ਨੇ ਮਾਡਲ ਦੀ ਜਾਨ ਲੈ ਲਈ। ਤਾਰਾ ਫਰੇਸ ਨਾਂ ਦੀ ਇਰਾਕੀ ਮਾਡਲ ਇੰਸਟਾਗ੍ਰਾਮ ਦੀ ਸਟਾਰ ਮੰਨੀ ਜਾਂਦੀ ਸੀ। ਕੁਝ ਲੋਕਾਂ ਨੇ ਉਸ ਦੇ ਲਾਈਫਸਟਾਈਲ ਦੀ ਵਜ੍ਹਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਵੀਰਵਾਰ ਨੂੰ ਇੰਸਟਾਗ੍ਰਾਮ ਸਟਾਰ ਤਾਰਾ ਫਰੇਸ ਆਪਣੀ ਪੋਰਸ ਗੱਡੀ ਵਿੱਚ ਕੈਂਪ ਸਾਰਾ ਸ਼ਹਿਰ ਤੋਂ ਜਾ ਰਹੀ ਸੀ ਕਿ ਕੁਝ ਲੋਕਾਂ ਨੇ ਉਸ ਦੀ ਗੱਡੀ ’ਤੇ ਗੋਲ਼ੀਬਾਰੀ ਕਰ ਦਿੱਤੀ। ਇਸ ਦੌਰਾਨ ਤਾਰਾ ਨੂੰ ਤਿੰਨ ਗੋਲ਼ੀਆਂ ਲੱਗੀਆਂ ਤੇ ਉਸ ਦੀ ਜਾਨ ਚਲੀ ਗਈ। ਇਰਾਕ ਦੇ ਵਿਦੇਸ਼ ਮੰਤਰੀ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਸੋਸ਼ਲ ਮੀਡੀਆ ’ਤੇ ਵਧਦੀ ਮਕਬੂਲੀਅਤ ਬਣੀ ਮੌਤ ਦੀ ਵਜ੍ਹਾ

22 ਸਾਲਾ ਤਾਰਾ ਫਰੇਸ ਸੋਸ਼ਲ ਮੀਡੀਆ ’ਤੇ ਕਾਫੀ ਮਸ਼ਹੂਰ ਸੀ। ਇੰਸਟਾਗ੍ਰਾਮ ’ਤੇ ਉਸ ਦੇ 28 ਲੱਖ ਤੋਂ ਵੀ ਜ਼ਿਆਦਾ ਫੌਲੋਅਰਸ ਸੀ। ਉਹ ਆਪਣੇ ਸਰੀਰ ’ਤੇ ਬਣੇ ਟੈਟੂ, ਉਸ ਦੇ ਕੱਪੜੇ ਤੇ ਰੰਗੀਨ ਵਾਲਾਂ ਦੀ ਵਜ੍ਹਾ ਕਰਕੇ ਕਾਫੀ ਪਸੰਦ ਕੀਤੀ ਜਾਂਦੀ ਸੀ। ਇੰਸਟਾਗ੍ਰਾਮ ’ਤੇ ਅਕਸਰ ਉਹ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਸੀ।

ਤਾਰਾ ਦੀ ਮੌਤ ’ਤੇ ਉਸਦੇ ਪ੍ਰਸ਼ੰਸਕਾਂ ਤੇ ਇਰਾਕੀ ਕਲਾਕਾਰਾਂ ਨੇ ਕਾਫੀ ਗੁੱਸਾ ਦਿਖਾਇਆ ਹੈ। ਇਰਾਕੀ ਵਿਅੰਗਕਾਰ ਅਹਿਮਦ ਅਲ ਬਸ਼ੀਰ ਨੇ ਇਸ ਘਟਨਾ ’ਤੇ ਦੁਖ਼ ਜ਼ਾਹਰ ਕਰਦਿਆਂ ਕਿਹਾ ਕਿ ਇਸ ਵੀਰਵਾਰ ਤਾਰਾ ਨਿਸ਼ਾਨਾ ਬਣੀ, ਅਗਲੇ ਵੀਰਵਾਰ ਕੌਣ ਬਣੇਗਾ?