ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੁਣ ਤੱਕ ਦੇ ਆਪਣੇ ਕਾਰਜਕਾਲ ਦਾ ਇੱਕ ਚੌਥਾਈ ਯਾਨੀ 25.32% ਸਮਾਂ ਗੋਲਫ ਖੇਡਦਿਆਂ ਬਿਤਾਇਆ। ਟਰੰਪ 20 ਜਨਵਰੀ, 2017 ਨੂੰ ਅਹੁਦੇ ‘ਤੇ ਬਿਰਾਜਮਾਨ ਹੋਏ ਸਨ। ਉਦੋਂ ਤੋਂ ਹੁਣ ਤੱਕ 616 ਦਿਨਾਂ ‘ਚ ਟਰੰਪ 156 ਵਾਰ ਗੋਲਫ ਮੈਦਾਨ ਗਏ। ਇਹ ਅਮਰੀਕਾ ਦੇ ਪਿਛਲੇ ਤਿੰਨ ਰਾਸ਼ਟਰਪਤੀਆਂ ਬਿੱਲ ਕਲਿੰਟਨ, ਜਾਰਜ ਡਬਲਯੂ ਬੁਸ਼ ਤੇ ਬਰਾਕ ਓਬਾਮਾ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ।


2016 ‘ਚ ਟਰੰਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਪ੍ਰਚਾਰ ਕਰ ਰਹੇ ਸਨ। ਉਸ ਸਮੇਂ ਤਤਕਾਲੀ ਰਾਸ਼ਟਰਪਤੀ ਓਬਾਮਾ ਬਾਰੇ ਟਰੰਪ ਨੇ ਵਰਜੀਨੀਆ ਰੈਲੀ ‘ਚ ਕਿਹਾ ਸੀ ਕਿ ਇੱਕ ਰਾਸ਼ਟਰਪਤੀ ਨੂੰ ਗੌਲਫ ਖੇਡਣ ‘ਚ ਸਮਾਂ ਨਹੀਂ ਬਿਤਾਉਣਾ ਚਾਹੀਦਾ। ਮੈਂ ਤੁਹਾਡੇ ਲਈ ਕੰਮ ਕਰਾਂਗਾ, ਮੇਰੇ ਕੋਲ ਗੌਲਫ ਖੇਡਣ ਦਾ ਸਮਾਂ ਨਹੀਂ ਹੋਵੇਗਾ। ਹਾਲਾਂਕਿ ਆਪਣੇ ਕਾਰਜਕਾਲ ਦੇ ਪਹਿਲੇ 100 ਦਿਨਾਂ ‘ਚ ਹੀ ਉਨ੍ਹਾਂ 19 ਵਾਰ ਗੌਲਫ ਕੋਰਸ ਦਾ ਦੌਰਾ ਕੀਤਾ।


ਉਨ੍ਹਾਂ ਦੇ ਮੁਕਾਬਲੇ ਸ਼ੁਰੂਆਤੀ 100 ਦਿਨਾਂ ‘ਚ ਓਬਾਮਾ ਸਿਰਫ ਇੱਕ ਦਿਨ ਤੇ ਕਲਿੰਟਨ ਪੰਜ ਦਿਨ ਗੌਲਫ ਕੋਰਸ ਗਏ ਸੀ। ਬੁਸ਼ ਤਾਂ ਇੱਕ ਦਿਨ ਵੀ ਗੌਲਫ ਕੋਰਸ ਨਹੀਂ ਗਏ ਸੀ। ਟਰੰਪ ਆਮ ਤੌਰ ‘ਤੇ ਵੀਕੈਂਡਸ ‘ਚ ਆਪਣੇ ਗੋਲਫ ਕੋਰਸ ‘ਚ ਖੇਡਦੇ ਦਿਖਾਈ ਦਿੰਦੇ ਹਨ। ਹਾਲਾਂਕਿ ਵਾਈਟ ਹਾਊਸ ਵੱਲੋਂ ਇਸ ਬਾਰੇ ਕੋਈ ਅੰਕੜਾ ਜਾਰੀ ਨਹੀਂ ਕੀਤਾ ਜਾਂਦਾ।


ਜ਼ਿਕਰਯੋਗ ਹੈ ਕਿ ਟਰੰਪ ਨੇ ਆਪਣੀਆਂ ਚੋਣ ਰੈਲੀਆਂ ‘ਚ ਓਬਾਮਾ ਦੇ ਗੌਲਫ ਦੇ ਸ਼ੌਕ ਨੂੰ ਹਥਿਆਰ ਬਣਾਇਆ ਸੀ। ਚਾਰ ਸਾਲ ਪਹਿਲਾਂ ਵੀ ਉਨ੍ਹਾਂ ਓਬਾਮਾ ਦੇ ਗੌਲਫ ਖੇਡਣ ‘ਤੇ ਨਿਸ਼ਾਨਾ ਸਾਧਿਆ ਸੀ। 14 ਅਕਤੂਬਰ, 2014 ਦੇ ਟਵੀਟ ‘ਚ ਟਰੰਪ ਨੇ ਕਿਹਾ ਸੀ ਤੁਸੀਂ ਮੰਨ ਸਕਦੇ ਹੋ ਕਿ ਜਦੋਂ ਅਮਰੀਕਾ ਇੰਨੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਠੀਕ ਉਸ ਸਮੇਂ ਰਾਸ਼ਟਰਪਤੀ ਓਬਾਮਾ ਆਪਣਾ ਸਮਾਂ ਗੌਲਫ ਖੇਡ ਕੇ ਬਿਤਾ ਰਹੇ ਹਨ।


ਸਾਲ 2015 ‘ਚ ਇਕ ਇੰਟਰਵਿਊ ਦੌਰਾਨ ਵੀ ਟਰੰਪ ਨੇ ਰਾਸ਼ਟਰਪਤੀ ਬਣਨ ਤੋਂ ਬਾਅਦ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਵਾਈਟ ਹਾਊਸ ਕਦੇ ਨਾ ਛੱਡਣ ਦੀ ਗੱਲ ਕਹੀ ਸੀ। 25 ਅਗਸਤ ਨੂੰ ਰਿਪਬਲਿਕਨ ਸੰਸਦ ਜੌਨ ਮੈਕਕੇਨ ਦੇ ਦੇਹਾਂਤ ਤੋਂ ਬਾਅਦ ਵੀ ਟਰੰਪ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਨਹੀਂ ਪਹੁੰਚੇ ਸਨ। ਜਿਸ ਦਿਨ ਦੇਸ਼ ਭਰ ਦੇ ਲੋਕ ਵਾਸ਼ਿੰਗਟਨ ‘ਚ ਜਮ੍ਹਾ ਹੋਏ। ਉਸ ਦਿਨ ਟਰੰਪ ਆਪਣੇ ਗੋਲਫ ਮੈਦਾਨ ‘ਚ ਸ਼ੌਟਸ ਲਾ ਰਹੇ ਸਨ।