ਇਸਲਾਮਾਬਾਦ: ਪਾਕਿਸਤਾਨ ‘ਚ ਪੱਤਰਕਾਰਾਂ ਨੇ ਦੇਸ਼ ਵਿਆਪੀ ਹੜਤਾਲ ਦਾ ਫੈਸਲਾ ਕੀਤਾ ਹੈ। ਨੌਕਰੀ ਤੋਂ ਕੱਢੇ ਜਾਣ, ਤਨਖਾਹ ਦੇ ਮੁੱਦੇ, ਅਣਚਾਹੀ ਸੈਂਸਰਸ਼ਿਪ ਤੇ ਮੀਡੀਆ ਖਿਲਾਫ ਦੇਸ਼ਦ੍ਰੋਹ ਦੇ ਮਾਮਲਿਆਂ ਖਿਲਾਫ ਪਾਕਿਸਤਾਨ ਫੈਡਰਲ ਯੂਨੀਅਨ ਆਫ ਜਰਨਲਿਸਟਸ (ਪੀਐਫਯੂਜੇ) ਨੇ ਨੌਂ ਅਕਤੂਬਰ ਨੂੰ ਦੇਸ਼-ਵਿਆਪੀ ਵਿਰੋਧ ਪ੍ਰਦਰਸ਼ਨ ਦੀ ਮੰਗ ਕੀਤੀ ਹੈ। ਦੇਸ਼ ਦੇ ਦਿੱਗਜ਼ ਅੰਗਰੇਜ਼ੀ ਅਖ਼ਬਾਰ ‘ਦ ਡਾਨ’ ਮੁਤਾਬਕ, ਪੀਐਫਯੂਜੇ ਨੇ ਐਬਟਾਬਾਦ ਪ੍ਰੈਸ ਕਲੱਬ ‘ਚ ਸੰਘ ਕਾਰਜਕਾਰੀ ਪਰਿਸ਼ਦ (ਐਫਈਸੀ) ਦੀ ਬੈਠਕ ਦੌਰਾਨ ਸ਼ਨੀਵਾਰ ਨੂੰ ਇਹ ਫੈਸਲਾ ਲਿਆ।


ਐਫਈਸੀ ਬੈਠਕ ‘ਚ ਦੇਸ਼ਭਰ ਤੋਂ ਪੱਤਰਕਾਰਾਂ ਦੇ ਪ੍ਰਤੀਨਿਧੀਆਂ ਨੇ ਨਾ ਕੇਵਲ ਮੀਡੀਆ ਕਰਮੀਆਂ ਦੇ ਆਰਥਿਕ ਅਧਿਕਾਰਾਂ ਲਈ ਬਲਕਿ ਸੰਵਿਧਾਨ ਵੱਲੋਂ ਦਿੱਤੇ ਗਏ ਵਿਚਾਰਾਂ ਦੀ ਆਜ਼ਾਦੀ ਦੀ ਸੁਤੰਤਰਤਾ ਦੀ ਰੱਖਿਆ ਲਈ ਵੀ ਇਕ ਲੰਮਾ ਸੰਘਰਸ਼ ਸ਼ੁਰੂ ਕਰਨ ਲਈ ਵਿਆਪਕ ਰਣਨੀਤੀ ਤਿਆਰ ਕੀਤੀ ਹੈ।


ਐਫਈਸੀ ਨੇ ਇਕ ਬਿਆਨ ‘ਚ ਕਿਹਾ ਕਿ ਰਾਜ ਸੰਸਥਾ ਆਪਣੇ ਵਿਗਿਆਪਨਾਂ ਨੂੰ ਘੱਟ ਕਰਨ, ਅਖ਼ਬਾਰਾਂ ਦੀ ਵੰਡ ‘ਚ ਰੁਕਵਾਟ ਪਾਉਣ ਤੇ ਉਨ੍ਹਾਂ ਟੈਲੀਵਿਜ਼ਨ ਚੈਨਲਾਂ ਨੂੰ ਬੰਦ ਕਰਨ ਦੇ ਮੰਤਵ ਨਾਲ ਮੀਡੀਆ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਉਨ੍ਹਾਂ ਮੁਤਾਬਕ ਨਹੀਂ ਚੱਲਦੇ।


ਬਿਆਨ ‘ਚ ਕਿਹਾ ਗਿਆ ਹੈ ਕਿ ਹਕੂਮਤ ਚਲਾਉਣ ਵਾਲੇ ਇਹ ਲੋਕ ਪੱਤਰਕਾਰਾਂ ਖਿਲਾਫ ਦੇਸ਼-ਦ੍ਰੋਹ ਦੇ ਮਾਮਲੇ ਸ਼ੁਰੂ ਕਰਨ ਜਾਂ ਅੱਤਵਾਦ ਵਿਰੋਧੀ ਐਕਟ ਤਹਿਤ ਉਨ੍ਹਾਂ ਖਿਲਾਫ ਐਫਆਈਆਰ ਦਰਜ ਕਰਾਉਣ ਦੀ ਧਮਕੀ ਦੇਕੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।


ਪੀਐਫਯੂਜੇ ਨੇ ਅਜਿਹੇ ਲੋਕਾਂ ਖਿਲਾਫ ਸੰਘਰਸ਼ ਵਿੱਢਣ ਅਤੇ ਉਨ੍ਹਾਂ ਤੇ ਉਨ੍ਹਾਂ ਦੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਇਕ ਸੰਯੁਕਤ ਕਾਰਜਸਮਿਤੀ ਬਣਾਉਣ ਦਾ ਫੈਸਲਾ ਕੀਤਾ ਹੈ।