G20 Summit: ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਵੀਰਵਾਰ (7 ਸਤੰਬਰ) ਨੂੰ ਜੀ-20 ਸੰਮੇਲਨ 'ਚ ਹਿੱਸਾ ਲੈਣ ਲਈ ਭਾਰਤ ਆ ਰਹੇ ਹਨ। ਇਹ ਜਾਣਕਾਰੀ ਵ੍ਹਾਈਟ ਹਾਊਸ ਨੇ ਦਿੱਤੀ ਹੈ। ਵ੍ਹਾਈਟ ਹਾਊਸ ਮੁਤਾਬਕ ਜੋ ਬਿਡੇਨ 8 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਕਰਨਗੇ।
ਜ਼ਿਕਰਯੋਗ ਹੈ ਕਿ ਇਸ ਸਾਲ ਭਾਰਤ ਜੀ-20 ਸੰਮੇਲਨ ਦੀ ਪ੍ਰਧਾਨਗੀ ਕਰ ਰਿਹਾ ਹੈ। ਭਾਰਤ 9 ਅਤੇ 10 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੇ ਸਿਖਰ ਸੰਮੇਲਨ ਲਈ ਵਿਸ਼ਵ ਨੇਤਾਵਾਂ ਦੀ ਮੇਜ਼ਬਾਨੀ ਕਰੇਗਾ।
ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਜੀ-20 ਨੇਤਾਵਾਂ ਦੇ ਸੰਮੇਲਨ ਵਿਚ ਸ਼ਾਮਲ ਹੋਣ ਲਈ ਵੀਰਵਾਰ ਨੂੰ ਨਵੀਂ ਦਿੱਲੀ, ਭਾਰਤ ਦੀ ਯਾਤਰਾ ਕਰਨਗੇ। ਭਾਰਤ ਪਹੁੰਚਣ ਤੋਂ ਇੱਕ ਦਿਨ ਬਾਅਦ ਯਾਨੀ 8 ਸਤੰਬਰ ਨੂੰ ਰਾਸ਼ਟਰਪਤੀ ਬਿਡੇਨ ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੀ ਮੀਟਿੰਗ ਵਿੱਚ ਹਿੱਸਾ ਲੈਣਗੇ।
ਇਸ ਤੋਂ ਬਾਅਦ ਬਿਡੇਨ ਸ਼ਨੀਵਾਰ ਅਤੇ ਐਤਵਾਰ ਨੂੰ ਜੀ-20 ਸੰਮੇਲਨ 'ਚ ਹਿੱਸਾ ਲੈਣਗੇ। ਜਿੱਥੇ ਉਹ ਜੀ-20 ਸੰਮੇਲਨ ਦੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਨਾਲ ਸਵੱਛ ਊਰਜਾ ਨੂੰ ਅਪਣਾਉਣ ਅਤੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਸਮੇਤ ਹੋਰ ਮਹੱਤਵਪੂਰਨ ਆਲਮੀ ਮੁੱਦਿਆਂ 'ਤੇ ਚਰਚਾ ਕਰਨਗੇ।
ਰੂਸ-ਯੂਕਰੇਨ ਯੁੱਧ 'ਤੇ ਵੀ ਹੋਵੇਗੀ ਚਰਚਾ
ਵ੍ਹਾਈਟ ਹਾਊਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਹ ਜੀ-20 ਸੰਮੇਲਨ 'ਚ ਸ਼ਿਰਕਤ ਕਰਨ ਵਾਲੇ ਨੇਤਾਵਾਂ ਨਾਲ ਰੂਸ-ਯੂਕਰੇਨ ਯੁੱਧ ਦੇ ਆਰਥਿਕ ਅਤੇ ਸਮਾਜਿਕ ਪ੍ਰਭਾਵਾਂ ਨੂੰ ਘੱਟ ਕਰਨ 'ਤੇ ਚਰਚਾ ਕਰਨਗੇ ਅਤੇ ਨਾਲ ਹੀ ਗਰੀਬੀ ਸਮੇਤ ਆਲਮੀ ਚੁਣੌਤੀਆਂ ਨਾਲ ਨਜਿੱਠਣ 'ਤੇ ਵੀ ਗੱਲਬਾਤ ਕਰਨਗੇ। ਅੱਤਵਾਦ ਨਾਲ ਬਿਹਤਰ ਢੰਗ ਨਾਲ ਲੜਨ ਲਈ ਵਿਸ਼ਵ ਬੈਂਕ ਸਮੇਤ ਬਹੁਪੱਖੀ ਵਿਕਾਸ ਬੈਂਕਾਂ ਦੀ ਸਮਰੱਥਾ ਵਧਾਉਣ 'ਤੇ ਗੱਲਬਾਤ ਹੋਵੇਗੀ।
ਚੀਨੀ ਰਾਸ਼ਟਰਪਤੀ ਦੇ ਭਾਰਤ ਦੌਰੇ 'ਤੇ ਸ਼ੱਕ ਬਰਕਰਾਰ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਜੀ-20 ਸੰਮੇਲਨ 'ਚ ਹਿੱਸਾ ਲੈਣ ਲਈ ਭਾਰਤ ਆਉਣਗੇ ਜਾਂ ਨਹੀਂ ਇਸ 'ਤੇ ਸ਼ੱਕ ਬਰਕਰਾਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਨਪਿੰਗ ਦੇ ਭਾਰਤ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ।
ਉੱਥੇ ਹੀ ਚੀਨ ਨੇ ਸ਼ੀ ਜਿਨਪਿੰਗ ਦੇ ਭਾਰਤ ਦੌਰੇ ਨੂੰ ਅਜੇ ਤੱਕ ਅਧਿਕਾਰਤ ਸਹਿਮਤੀ ਨਹੀਂ ਦਿੱਤੀ ਹੈ। ਇਸ ਦੇ ਨਾਲ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਭਾਰਤ ਵਿੱਚ ਹੋਣ ਵਾਲੇ ਜੀ-20 ਸੰਮੇਲਨ ਵਿੱਚ ਹਿੱਸਾ ਨਹੀਂ ਲੈਣਗੇ।
ਇਹ ਵੀ ਪੜ੍ਹੋ: Aditya-L1: ਹੁਣ ਤੱਕ ਕਿੰਨੇ ਦੇਸ਼ਾਂ ਨੇ ਸੂਰਜ 'ਤੇ ਭੇਜੇ ਨੇ ਪੁਲਾੜ ਯਾਨ, ਕੀ ਸੀ ਮਿਸ਼ਨ ਦਾ ਮਕਸਦ ?