ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਅਮਰੀਕਾ ਵਿੱਚ ਸਿੰਗਲ ਡੋਜ਼ ਵੈਕਸੀਨ ਜੌਨਸਨ ਐਂਡ ਜੌਨਸਨ ਦੀ ਕੋਰੋਨਾ ਵੈਕਸੀਨ ਦੀ ਵਰਤੋਂ ਰੋਕਣ ਦੇ ਹੁਕਮ ਹੋਏ ਹਨ। ਅਮਰੀਕੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਨੇ ਬਿਆਨ ਵਿੱਚ ਕਿਹਾ ਹੈ ਕਿ ਟੀਕੇ ਦੀ ਵਰਤੋਂ ਨਾਲ ਕੁਝ ਗੰਭੀਰ ਖ਼ਤਰੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਇੱਕੋ ਡੋਜ਼ ਵਾਲੀ ਵੈਕਸੀਨ ਦਿੱਤੇ ਜਾਣ ਮਗਰੋਂ ਅਮਰੀਕਾ ਦੀਆਂ ਛੇ ਔਰਤਾਂ ਨੂੰ ਖ਼ੂਨ ਜੰਮਣ ਯਾਨੀ ਬਲੱਡ ਕਲੌਟ ਦੀ ਸਮੱਸਿਆ ਆ ਗਈ।


ਉਕਤ ਔਰਤਾਂ ਨੂੰ ਇਹ ਸਮੱਸਿਆ ਵੈਕਸੀਨ ਲੈਣ ਦੇ ਕੁਝ ਦਿਨਾਂ ਬਾਅਦ ਆਉਣ ਲੱਗੀ। ਸੰਸਥਾ ਨੇ ਪਾਇਆ ਕਿ ਖ਼ੂਨ ਦੀਆਂ ਗੰਢਾਂ ਬਣਨ ਤੋਂ ਬਾਅਦ ਔਰਤਾਂ ਵਿੱਚ ਪਲੇਟਲੈਟਸ ਕਾਊਂਟ ਵੀ ਤੇਜ਼ੀ ਨਾਲ ਘਟਣ ਲੱਗੇ। ਇਸ ਮਗਰੋਂ ਇਨ੍ਹਾਂ ਔਰਤਾਂ ਦੇ ਬਲੱਡ ਕਲੌਟ ਠੀਕ ਕਰਨ ਲਈ ਆਮ ਇਲਾਜ ਕੀਤਾ ਗਿਆ। ਹਾਲਾਂਕਿ, ਮਰੀਜ਼ਾਂ ਦਾ ਖ਼ੂਨ ਪਤਲਾ ਕਰਨ ਵਾਲੀ ਹੇਪਰਿਨ ਵੀ ਖ਼ਤਰਨਾਕ ਪੱਧਰ ਤੱਕ ਪਹੁੰਚ ਗਈ ਸੀ।


ਫਰਵਰੀ ਵਿੱਚ ਮਿਲੀ ਸੀ ਮਨਜ਼ੂਰੀ


ਅਮਰੀਕਾ ਵਿੱਚ ਜੌਨਸਨ ਐਂਡ ਜੌਨਸਨ ਦੇ ਟੀਕੇ ਨੂੰ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਮਿਲੀ ਸੀ। ਇੱਕੋ ਖੁਰਾਕ ਹੋਣ ਕਾਰਨ ਲੋਕਾਂ ਵਿੱਚ ਇਸ ਦੀ ਕਾਫੀ ਮੰਗ ਸੀ। ਇਸ ਨਾਲ ਵੈਕਸੀਨੇਸ਼ਨ ਮੁਹਿੰਮ ਵਿੱਚ ਤੇਜ਼ੀ ਆਉਣ ਦੀ ਗੱਲ ਵੀ ਆਖੀ ਗਈ। ਪਰ ਹੁਣ ਇਸ ਦੀ ਵਰਤੋਂ ਵਿੱਚ ਕਮੀ ਆ ਗਈ ਸੀ ਕਿਉਂਕਿ ਕੰਪਨੀ ਇਸ ਟੀਕੇ ਦੇ ਉਤਪਾਦਨ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੀ ਸੀ। ਕੰਪਨੀ ਨੇ ਮਈ ਮਹੀਨੇ ਤੱਕ ਸਰਕਾਰ ਨੂੰ 10 ਕਰੋੜ ਵੈਕਸੀਨ ਡੋਜ਼ ਦੇਣ ਦਾ ਭਰੋਸਾ ਦਿੱਤਾ ਹੈ, ਪਰ ਹਾਲੇ ਤੱਕ 10ਵਾਂ ਹਿੱਸਾ ਵੀ ਪੂਰ ਨਹੀਂ ਚੜ੍ਹਿਆ ਹੈ ਤੇ ਸਮੱਸਿਆਵਾਂ ਸ਼ੁਰੂ ਹੋ ਗਈਆਂ ਹਨ।


68 ਲੱਖ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ


ਅਮਰੀਕਾ ਵਿੱਚ ਜੌਨਸਨ ਐਂਡ ਜੌਨਸਨ ਕੰਪਨੀ ਦੇ ਟੀਕੇ ਦੀਆਂ 68 ਲੱਖ ਡੋਜ਼ਿਜ਼ ਦਿੱਤੀਆਂ ਜਾ ਚੁੱਕੀਆਂ ਹਨ। ਹਾਲਾਂਕਿ, ਇਨ੍ਹਾਂ ਖ਼ੁਰਾਕਾਂ ਨੂੰ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਜ਼ਿਆਦਾਤਰ ਨੂੰ ਕੋਈ ਸਾਈਡ ਇਫੈਕਟ ਨਹੀਂ ਹੋਇਆ, ਜੇ ਹੋਇਆ ਤਾਂ ਬਹੁਤ ਘੱਟ ਪਰ ਨਵੇਂ ਮਾਮਲੇ ਸਾਹਮਣੇ ਆਉਣ 'ਤੇ ਯੂਐਸ ਫੈਡਰਲ ਡਿਸਟ੍ਰੀਬਿਊਟਰ ਚੈਨਲ ਤੇ ਮਾਸ ਵੈਕਸੀਨੇਸ਼ਨ ਸਾਈਟ ਵਿੱਚ ਜੌਨਸਨ ਐਂਡ ਜੌਨਸਨ ਵੈਕਸੀਨ ਦੀ ਵਰਤੋਂ ਰੋਕ ਦਿੱਤੀ ਗਈ ਹੈ।


ਸਰਕਾਰ ਨੇ ਸਾਫ ਕੀਤਾ ਹੈ ਕਿ ਹੋਰ ਅਧਿਕਾਰਤ ਵੈਕਸੀਨ ਫਾਈਜ਼ਰ ਅਤੇ ਮਾਡਰਨਾ ਇਸ ਰੋਕ ਤੋਂ ਬਾਹਰ ਹਨ। ਦੋਵੇਂ ਕੰਪਨੀਆਂ ਦੇ ਟੀਕੇ ਪਹਿਲਾਂ ਵਾਂਗ ਲਾਏ ਜਾ ਰਹੇ ਹਨ। ਜੌਨਸਨ ਕੰਪਨੀ ਦੀ ਵੈਕਸੀਨ ਬਾਰੇ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਵਿੱਚ ਹੀ ਤੈਅ ਹੋਵੇਗਾ ਕਿ ਕਦੋਂ ਤੱਕ ਇਸ ਟੀਕੇ ਦੀ ਵਰਤੋਂ ਰੋਕੀ ਜਾਵੇ।


ਵਿਵਾਦਾਂ ਨਾਲ ਜੌਨਸਨ ਐਂਡ ਜੌਨਸਨ ਦਾ ਪੁਰਾਣਾ ਰਿਸ਼ਤਾ


ਇਹ ਪਹਿਲੀ ਵਾਰ ਨਹੀਂ ਹੈ ਕਿ ਜਦ ਜੌਨਸਨ ਐਂਡ ਜੌਨਸਨ ਕੰਪਨੀ ਦੇ ਕਿਸੇ ਉਤਪਾਦ ਉੱਪਰ ਸਵਾਲ ਉੱਠੇ ਹੋਣ। ਇਸ ਤੋਂ ਪਹਿਲਾਂ ਬੇਬੀ ਪਾਊਡਰ ਕਰਕੇ ਕੰਪਨੀ ਨੂੰ ਮੋਟਾ ਹਰਜ਼ਾਨਾ ਅਦਾ ਕਰਨਾ ਪਿਆ ਹੈ। ਇਲਜ਼ਾਮ ਸਨ ਕਿ ਜੌਨਸਨ ਐਂਡ ਜੌਨਸਨ ਕੰਪਨੀ ਵੱਲੋਂ ਬਣਾਏ ਜਾਣ ਵਾਲੇ ਬੱਚਿਆਂ ਦੇ ਪਾਊਡਰ ਨਾਲ ਕੈਂਸਰ ਬਣਦਾ ਹੈ।