ਵਾਸ਼ਿੰਗਟਨ: ਕੋਵਿਡ-19 ਦੇ ਟੀਕਿਆਂ ਦੇ ਉਤਪਾਦਨ ਲਈ ਜ਼ਰੂਰੀ ਕੱਚੇ ਮਾਲ ਦੇ ਨਿਰਯਾਤ ਤੋਂ ਪਾਬੰਦੀ ਹਟਾਉਣ ਦੀ ਭਾਰਤ ਦੀ ਬੇਨਤੀ ਦੇ ਮੱਦੇਨਜ਼ਰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਦੇ ਪ੍ਰਸ਼ਾਸਨ ਨੇ ਨਵੀਂ ਦਿੱਲੀ ਨੂੰ ਕਿਹਾ ਕਿ ਉਹ ਭਾਰਤ ਦੀਆਂ ਚਿਕਿਤਸਕ ਜ਼ਰੂਰਤਾਂ ਨੂੰ ਸਮਝਦਾ ਹੈ ਤੇ ਉਸ ਨੇ ਇਸ ਮਾਮਲੇ ਉੱਤੇ ਵਿਚਾਰ ਕਰਨ ਦਾ ਵਾਅਦਾ ਕੀਤਾ ਹੈ। ਅਮਰੀਕਾ ਨੇ ਕਿਹਾ ਕਿ ਕੋਵਿਡ-19 ਟੀਕਿਆਂ ਦੇ ਉਤਪਾਦਨ ਲਈ ਜ਼ਰੂਰੀ ਕੱਚੇ ਮਾਲ ਦੇ ਨਿਰਯਾਤ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਮੁੱਖ ਕਾਰਨ ਕਾਨੂੰਨ ਹੈ, ਜਿਸ ਤਹਿਤ ਅਮਰੀਕੀ ਕੰਪਨੀਆਂ ਲਈ ਘਰੇਲੂ ਖਪਤ ਨੂੰ ਤਰਜ਼ੀਹ ਦੇਣਾ ਅਹਿਮ ਹੈ।
ਬਿਡੇਨ ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੁੱਧਕਾਲ ਵਿੱਚ ਵਰਤੇ ਜਾਣ ਵਾਲੇ ਰੱਖਿਆ ਉਤਪਾਦਨ ਕਾਨੂੰਨ (ਡੀਪੀਏ) ਨੂੰ ਲਾਗੂ ਕਰ ਦਿੱਤਾ ਹੈ ਜਿਸ ਤਹਿਤ ਅਮਰੀਕੀ ਕੰਪਨੀਆਂ ਕੋਲ ਘਰੇਲੂ ਉਤਪਾਦਨ ਲਈ ਕੋਵਿਡ-19 ਟੀਕਿਆਂ ਤੇ ਨਿੱਜੀ ਸੁਰੱਖਿਆ ਉਪਕਰਨਾਂ (ਪੀਪੀਈ) ਦੇ ਉਤਪਾਦਨ ਨੂੰ ਤਰਜੀਹ ਦੇਣ ਤੋਂ ਇਲਾਵਾ ਕੋਈ ਵੀ ਵਿਕਲਪ ਨਹੀਂ ਬਚਿਆ, ਤਾਂ ਕਿ ਅਮਰੀਕਾ ਵਿੱਚ ਇਸ ਘਾਤਕ ਮਹਾਂਮਾਰੀ ਨਾਲ ਨਜਿੱਠਿਆ ਜਾ ਸਕੇ।
ਅਮਰੀਕਾ ਨੇ ਕੋਵਿਡ-19 ਟੀਕਿਆਂ ਦਾ ਉਤਪਾਦਨ ਵਧਾ ਦਿੱਤਾ ਹੈ, ਤਾਂ ਕਿ ਉਹ ਚਾਰ ਜੁਲਾਈ ਤੱਕ ਆਪਣੀ ਪੂਰੀ ਅਬਾਦੀ ਦਾ ਟੀਕਾਕਰਨ ਕਰ ਸਕੇ। ਅਜਿਹੇ ਵਿੱਚ ਇਸ ਦੇ ਕੱਚੇ ਮਾਲ ਦੇ ਸਪਲਾਇਰ ਕੇਵਲ ਘਰੇਲੂ ਨਿਰਮਾਤਾਵਾਂ ਨੂੰ ਇਹ ਪਦਾਰਥ ਉਪਲਬਧ ਕਰਵਾ ਸਕਦੇ ਹਨ।
ਹਾਲ ਵਿੱਚ ਸੀਰਮ ਇੰਸਟੀਚਿਊਟ ਆਫ ਇੰਡੀਆ(ਐਸਆਈਆਈ) ਦੇ ਮੁੱਖ ਕਾਰਜਕਾਰੀ ਅਧਿਕਾਰੀ(ਸੀਈਓ) ਅਦਾਰ ਪੂਨਾਵਾਲਾ ਨੇ ਕਿਹਾ ਸੀ ਕਿ ਟੀਕਿਆਂ ਦੇ ਉਤਪਾਦਨ ਨੂੰ ਵਧਾਉਣ ਲਈ ਅਮਰੀਕਾ ਦੇ ਕੱਚੇ ਮਾਲ ਦੇ ਨਿਰਯਾਤ ਉੱਤੇ ਲੱਗੀ ਪਾਬੰਦੀ ਹਟਾਉਣ ਦੀ ਲੋੜ ਹੈ। ਐਸਆਈਆਈ ਇਸ ਸਮੇਂ ਐਸਟਰਾਜ਼ੇਨੇਕਾ ਤੇ ਆਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਤ ਕੀਤਾ ਗਿਆ ਐਂਟੀ-ਕੋਰੋਨਾਵਾਇਰਸ ਟੀਕਾ 'ਕੋਵੀਸ਼ਿਲਡ' ਤਿਆਰ ਕਰ ਰਿਹਾ ਹੈ ਤੇ ਇਸ ਦੀ ਵਰਤੋਂ ਕੇਵਲ ਭਾਰਤ ਵਿੱਚ ਹੀ ਨਹੀਂ ਕੀਤੀ ਜਾ ਰਹੀ ਬਲਕਿ ਇਸ ਨੂੰ ਕਈਂ ਦੇਸ਼ਾਂ ਵਿੱਚ ਨਿਰਯਾਤ ਵੀ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਬਿਡੇਨ ਦੇ ਟਵਿੱਟਰ ਹੈਂਡਲ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ਸੀ, ''ਅਮਰੀਕਾ ਦੇ ਮਾਣਯੋਗ ਰਾਸ਼ਟਰਪਤੀ, ਮੈਂ ਅਮਰੀਕਾ ਦੇ ਬਾਹਰ ਦੇ ਟੀਕਾ ਉਦਯੋਗ ਵੱਲੋਂ ਤੁਹਾਨੂੰ ਨਿਮਰਤਾਪੂਰਵਕ ਬੇਨਤੀ ਕਰਦਾ ਹਾਂ ਕਿ ਜੇਕਰ ਵਾਇਰਸ ਨੂੰ ਹਰਾਉਣ ਲਈ ਅਸੀ ਸੱਚਮੁੱਚ ਇਕਮੁੱਠ ਹੋਣਾ ਹੈ ਤਾਂ ਅਮਰੀਕਾ ਦੇ ਬਾਹਰ ਕੱਚੇ ਮਾਲ ਦੇ ਨਿਰਯਾਤ ਉੱਤੇ ਲੱਗੀ ਪਾਬੰਦੀ ਨੂੰ ਹਟਾਇਆ ਜਾਵੇ, ਤਾਂ ਕਿ ਟੀਕਿਆਂ ਦਾ ਉਤਪਾਦਨ ਵੱਧ ਸਕੇ। ਤੁਹਾਡੇ ਪ੍ਰਸ਼ਾਸਨ ਕੋਲ ਵਿਸਤ੍ਰਿਤ ਜਾਣਕਾਰੀ ਹੈ।''
ਐਸਆਈਆਈ ਦੁਨੀਆ ਵਿੱਚ ਕੋਵਿਡ-19 ਟੀਕਿਆਂ ਦਾ ਸੱਭ ਤੋਂ ਵੱਡਾ ਉਤਪਾਦਕ ਹੈ। ਅਮਰੀਕਾ ਤੇ ਭਾਰਤ ਵਿੱਚੋਂ ਕਿਸੇ ਨੇ ਵੀ ਇਹ ਨਹੀਂ ਦੱਸਿਆ ਕਿ ਭਾਰਤ ਅਮਰੀਕਾ ਤੋਂ ਕਿਹੜੇ ਕੱਚੇ ਮਾਲ ਦੇ ਨਿਰਯਾਤ ਤੋਂ ਪਾਬੰਦੀ ਹਟਾਉਣ ਦੀ ਬੇਨਤੀ ਕਰ ਰਿਹਾ ਹੈ। ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਬਿਡੇਨ ਪ੍ਰਸ਼ਾਸਨ ਦੇ ਅਧਿਕਾਰੀਆਂ ਸਾਹਮਣੇ ਇਹ ਮਾਮਲਾ ਚੁੱਕਿਆ ਸੀ। ਇਸ ਤੋਂ ਇਲਾਵਾ ਦੋਣਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਭਾਰਤ ਤੇ ਅਮਰੀਕਾ ਵਿੱਚ ਮੰਗ ਵੱਧਣ ਦੇ ਮੱਦੇਨਜ਼ਰ ਅਹਿਮ ਸਮੱਗਰੀ ਦੀ ਪੂਰਤੀ ਨੂੰ ਸਹਿਜ ਬਣਾਉਣ ਦੀ ਚਰਚਾ ਕੀਤੀ ਹੈ।
ਇਨ੍ਹਾਂ ਵਾਰਤਾਵਾਂ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਸੋਮਵਾਰ ਨੂੰ 'ਪੀਟੀਆਈ ਭਾਸ਼ਾ' ਨੂੰ ਕਿਹਾ, ''ਅਮਰੀਕੀ ਪੱਖ ਨੇ ਸਪੱਸ਼ਟ ਕੀਤਾ ਹੈ ਕਿ ਇਸ ਪ੍ਰਕਾਰ ਦੀਆਂ ਸਮੱਗਰੀਆਂ ਉੱਤੇ ਕੋਈ ਨਿਰਯਾਤ ਪਾਬੰਦੀ ਨਹੀਂ ਹੈ ਅਤੇ ਘਰੇਲੂ ਨਿਯਮਾਂ ਦੇ ਜ਼ਰੀਏ ਅਮਰੀਕਾ ਵਿੱਚ ਟੀਕਿਆਂ ਦਾ ਉਤਪਾਦਨ ਵਧਾਉਣ ਲਈ ਇਨ੍ਹਾਂ ਸਮੱਗਰੀਆਂ ਦੇ ਇਸਤਮਾਲ ਨੂੰ ਕੇਵਲ ਤਰਜੀਹ ਦਿੱਤੀ ਗਈ ਹੈ।''
ਸੂਤਰਾਂ ਨੇ ਦੱਸਿਆ ਕਿ ਬਿਡੇਨ ਪ੍ਰਸ਼ਾਸਨ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਭਾਰਤ ਦੀ ਲੋੜਾਂ ਤੋਂ ਜਾਣੂ ਹੈ ਤੇ ਉਸ ਨੇ ਇਸ ਮਾਮਲੇ ਉੱਤੇ ਵਿਚਾਰ ਕਰਨ ਦਾ ਵਾਅਦਾ ਕੀਤਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਦਿੱਲੀ ਵਿੱਚ ਅਮਰੀਕੀ ਦੂਤਾਵਾਸ ਵੀ ਇਸ ਮਾਮਲੇ ਨੂੰ ਲੈ ਕੇ ਸਬੰਧਤ ਭਾਰਤੀ ਪੱਖਕਾਰਾਂ ਦੇ ਸੰਪਰਕ ਵਿੱਚ ਹੈ। ਟੀਕਾ ਉਤਪਾਦਨ ਲਈ ਸਪਲਾਈ ਪ੍ਰਣਾਲੀ ਨੂੰ ਸੁਚਾਰੂ ਕਰਨ ਦੇ ਤਰੀਕੇ ਖੋਜ਼ਨ ਲਈ ਇੱਥੇ ਭਾਰਤੀ ਦੂਤਾਵਾਸ ਵੀ ਅਮਰੀਕੀ ਪ੍ਰਸ਼ਾਸਨ ਦੇ ਸੰਪਰਕ ਵਿੱਚ ਹੈ।