Gurpatwant Pannu Murder Conspiracy: ਅਮਰੀਕਾ ਨੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਖਿਲਾਫ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ 'ਚ ਭਾਰਤ ਤੋਂ ਜਵਾਬਦੇਹੀ ਮੰਗੀ ਹੈ। ਅਮਰੀਕੀ ਸਰਕਾਰ ਦੇ ਉਪ ਵਿਦੇਸ਼ ਮੰਤਰੀ ਕਰਟ ਕੈਂਪਬੈਲ ਨੇ ਕਿਹਾ ਕਿ ਅਸੀਂ ਇਹ ਮੁੱਦਾ ਸਿੱਧਾ ਭਾਰਤ ਸਰਕਾਰ ਕੋਲ ਉਠਾਇਆ ਹੈ ਤੇ ਨਾਲ ਹੀ ਜਾਂਚ ਕਮੇਟੀ ਦੀ ਰਿਪੋਰਟ ਵੀ ਮੰਗੀ ਹੈ। ਵਾਸ਼ਿੰਗਟਨ ਇਸ ਮਾਮਲੇ ਵਿਚ ਜਵਾਬ ਚਾਹੁੰਦਾ ਹੈ।


ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਕਰਟ ਕੈਂਪਬੈਲ ਨੇ ਕਿਹਾ, "ਮੈਂ ਸਿਰਫ ਇਹ ਕਹਿਣਾ ਚਾਹਾਂਗਾ ਕਿ ਅਮਰੀਕਾ ਨੇ ਇਸ ਮੁੱਦੇ ਨੂੰ ਸਿੱਧੇ ਭਾਰਤ ਸਰਕਾਰ ਕੋਲ ਉੱਚ ਪੱਧਰ 'ਤੇ ਉਠਾਇਆ ਹੈ। ਅਮਰੀਕਾ ਇਸ ਮਾਮਲੇ 'ਤੇ ਜਵਾਬਦੇਹੀ ਚਾਹੁੰਦਾ ਹੈ। ਇਸ ਦੇ ਨਾਲ ਹੀ ਕਰਟ ਕੈਂਪਬੈਲ ਨੇ ਇਹ ਵੀ ਕਿਹਾ ਕਿ ਭਾਰਤ ਸਾਡੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ।"



ਦਰਅਸਲ, ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਚੈੱਕ ਰਿਪਬਲਿਕ ਪੁਲਿਸ ਨੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ 30 ਜੂਨ 2023 ਨੂੰ ਗ੍ਰਿਫ਼ਤਾਰ ਕੀਤਾ ਸੀ। ਨਿਖਿਲ ਨੂੰ 14 ਜੂਨ 2024 ਨੂੰ ਅਮਰੀਕਾ ਹਵਾਲੇ ਕੀਤਾ ਗਿਆ ਸੀ।


ਪਿਛਲੇ ਸਾਲ ਅਮਰੀਕਾ ਨੇ ਦੋਸ਼ ਲਾਇਆ ਸੀ ਕਿ ਨਿਊਯਾਰਕ 'ਚ ਪੰਨੂੰ 'ਤੇ ਜਾਨਲੇਵਾ ਹਮਲਾ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਇਸ ਵਿੱਚ ਭਾਰਤ ਦਾ ਹੱਥ ਸੀ। ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਅਮਰੀਕੀ ਏਜੰਸੀਆਂ ਮੁਤਾਬਕ ਇਹ ਪਲਾਨਿੰਗ ਪੀਐਮ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਕੀਤੀ ਗਈ ਸੀ। ਹਾਲਾਂਕਿ ਇਹ ਜਾਣਕਾਰੀ 22 ਨਵੰਬਰ ਨੂੰ ਦਿੱਤੀ ਗਈ ਸੀ। ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਨਿਊਯਾਰਕ ਪੁਲਿਸ ਦੀ ਚਾਰਜਸ਼ੀਟ 29 ਨਵੰਬਰ 2023 ਨੂੰ ਸਾਹਮਣੇ ਆਈ ਸੀ।


ਚਾਰਜਸ਼ੀਟ 'ਚ ਭਾਰਤੀ ਨਾਗਰਿਕ ਨਿਖਿਲ ਗੁਪਤਾ 'ਤੇ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਵਿੱਚ ਲਿਖਿਆ ਹੈ- ਭਾਰਤ ਦੇ ਇੱਕ ਸਾਬਕਾ ਸੀਆਰਪੀਐਫ ਅਧਿਕਾਰੀ ਨੇ ਉਸਨੂੰ ਪੰਨੂ ਦੇ ਕਤਲ ਦੀ ਯੋਜਨਾ ਬਣਾਉਣ ਲਈ ਕਿਹਾ ਸੀ। ਨਿਖਿਲ ਨੇ ਇੱਕ ਵਿਅਕਤੀ ਨਾਲ ਕੰਮ ਦੇ ਬਦਲੇ 83 ਲੱਖ ਰੁਪਏ ਦੇਣ ਦਾ ਸੌਦਾ ਕੀਤਾ ਸੀ।


ਇਸ ਤੋਂ ਬਾਅਦ ਇਸ ਸਾਲ ਅਪ੍ਰੈਲ ਵਿੱਚ ਅਮਰੀਕੀ ਮੀਡੀਆ ਵਾਸ਼ਿੰਗਟਨ ਪੋਸਟ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਪਿੱਛੇ ਰਾਅ ਦਾ ਹੱਥ ਸੀ। ਰਿਪੋਰਟ ਮੁਤਾਬਕ ਪੰਨੂ ਦੇ ਕਤਲ ਦੀ ਸਾਰੀ ਪਲੈਨਿੰਗ ਰਾਅ ਦੇ ਸੀਨੀਅਰ ਅਧਿਕਾਰੀ ਵਿਕਰਮ ਯਾਦਵ ਨੇ ਬਣਾਈ ਸੀ। ਉਸਨੇ ਇੱਕ ਹਿੱਟ ਟੀਮ ਨੂੰ ਹਾਇਰ ਕੀਤਾ।