ਅਮਰੀਕਾ ਤੇ ਭਾਰਤ ਦੇ ਵਿੱਚ ਤਣਾਅ ਘੱਟਣ ਦਾ ਨਾਂਅ ਨਹੀਂ ਲੈ ਰਿਹਾ ਹੈ। ਅਜਿਹੇ ਦੇ ਵਿੱਚ ਅਮਰੀਕਾ ਦੇ ਇੱਕ ਸਾਂਸਦ ਦੇ ਬਿਆਨ ਨੇ ਭਾਰਤੀਆਂ ਦੀਆਂ ਚਿੰਤਾਵਾਂ ਹੋਰ ਜ਼ਿਆਦਾ ਵਧਾ ਦਿੱਤੀਆਂ ਹਨ। ਅਮਰੀਕੀ ਰਿਪਬਲਿਕਨ ਸੀਨੇਟਰ ਮਾਈਕ ਲੀ ਨੇ H1B ਵੀਜ਼ਾ ‘ਤੇ ਰੋਕ ਲਗਾਉਣ ਦੀ ਸੰਭਾਵਨਾ ਜਤਾਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X ( ਪਹਿਲਾਂ ਟਵਿੱਟਰ) ‘ਤੇ ਇੱਕ ਪੋਸਟ ਦੇ ਜਵਾਬ ਵਿੱਚ ਸਵਾਲ ਕੀਤਾ ਕਿ ਕੀ ਹੁਣ H1B ਵੀਜ਼ਾ ‘ਤੇ ਬੈਨ ਲਗਾਉਣ ਦਾ ਸਮਾਂ ਆ ਗਿਆ ਹੈ? ਇਹ ਬਿਆਨ ਉਸ ਵੇਲੇ ਆਇਆ ਜਦੋਂ ਇੱਕ ਪੋਸਟ ਵਿੱਚ ਦਾਅਵਾ ਕੀਤਾ ਗਿਆ ਕਿ ਵੋਲਮਾਰਟ ਦੇ ਇੱਕ ਅਧਿਕਾਰੀ ਨੂੰ ਭਾਰਤੀ H1B ਕਰਮਚਾਰੀਆਂ ਨੂੰ ਤਰਜੀਹ ਦੇਣ ਲਈ ਰਿਸ਼ਵਤ ਦਿੱਤੀ ਗਈ ਸੀ। ਮਾਈਕ ਲੀ ਇਸ ਮਸਲੇ ‘ਤੇ ਆਵਾਜ਼ ਉਠਾਉਣ ਵਾਲੇ ਨਵੇਂ ਨੇਤਾ ਬਣੇ ਹਨ, ਜਿਸ ਨਾਲ ਅਮਰੀਕਾ ਵਿੱਚ H1B ਪ੍ਰੋਗਰਾਮ ‘ਤੇ ਚੱਲ ਰਹੀ ਚਰਚਾ ਹੋਰ ਤੇਜ਼ ਹੋ ਗਈ ਹੈ।
H1B ਵੀਜ਼ਾ ਹੈ ਕੀ?
1990 ਵਿੱਚ ਸ਼ੁਰੂ ਹੋਇਆ H1B ਵੀਜ਼ਾ ਅਮਰੀਕੀ ਕੰਪਨੀਆਂ ਨੂੰ ਖਾਸ ਪੇਸ਼ਾਵਰ ਖੇਤਰਾਂ ਵਿੱਚ ਵਿਦੇਸ਼ੀ ਕਰਮਚਾਰੀ ਰੱਖਣ ਦੀ ਇਜਾਜ਼ਤ ਦਿੰਦਾ ਹੈ। ਇਹ ਵੀਜ਼ਾ ਤਿੰਨ ਸਾਲ ਲਈ ਜਾਰੀ ਹੁੰਦਾ ਹੈ, ਜਿਸਨੂੰ ਵੱਧ ਤੋਂ ਵੱਧ ਛੇ ਸਾਲ ਤੱਕ ਵਧਾਇਆ ਜਾ ਸਕਦਾ ਹੈ। ਹਰ ਸਾਲ ਅਮਰੀਕੀ ਸਰਕਾਰ 65,000 H1B ਵੀਜ਼ਾ ਜਾਰੀ ਕਰਦੀ ਹੈ, ਜਦੋਂਕਿ 20,000 ਵੱਖਰੇ ਵੀਜ਼ੇ ਅਮਰੀਕੀ ਯੂਨੀਵਰਸਿਟੀਆਂ ਤੋਂ ਮਾਸਟਰ ਜਾਂ PhD ਕਰਨ ਵਾਲਿਆਂ ਨੂੰ ਦਿੱਤੇ ਜਾਂਦੇ ਹਨ। ਭਾਰਤ ਕਾਫੀ ਸਮੇਂ ਤੋਂ ਇਸ ਪ੍ਰੋਗਰਾਮ ਦਾ ਸਭ ਤੋਂ ਵੱਡਾ ਲਾਭਪਾਤਰੀ ਰਿਹਾ ਹੈ, ਖ਼ਾਸ ਕਰਕੇ IT ਅਤੇ ਟੈਕਨੋਲੋਜੀ ਪ੍ਰੋਫੈਸ਼ਨਲਜ਼ ਲਈ।
ਅਮਰੀਕੀ ਰਾਜਨੀਤੀ 'ਚ H1B 'ਤੇ ਵੰਡ
ਹਾਲ ਹੀ ਵਿੱਚ H1B ਵੀਜ਼ਾ ਮਾਮਲੇ 'ਚ ਅਮਰੀਕੀ ਰਾਜਨੀਤੀ ਵਿੱਚ ਸਪੱਸ਼ਟ ਵੰਡ ਸਾਹਮਣੇ ਆ ਰਹੀ ਹੈ। ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਕਿ ਵੱਡੀਆਂ ਟੈਕ ਕੰਪਨੀਆਂ ਅਮਰੀਕੀ ਕਰਮਚਾਰੀਆਂ ਨੂੰ ਕੱਢ ਕੇ H1B ਕਰਮਚਾਰੀਆਂ ਨੂੰ ਰੱਖ ਰਹੀਆਂ ਹਨ, ਜੋ ਅਮਰੀਕੀ ਪੇਸ਼ਾਵਰਾਂ ਨਾਲ ਅਨਿਆਇ ਹੈ। ਉਹਨਾਂ ਉਦਾਹਰਨ ਦਿੱਤੀ ਕਿ ਹਜ਼ਾਰਾਂ ਕਰਮਚਾਰੀ ਕੱਢਣ ਦੇ ਬਾਵਜੂਦ ਕੰਪਨੀਆਂ ਵਿਦੇਸ਼ੀ ਵਰਕ ਵੀਜ਼ਾ ਲਈ ਅਰਜ਼ੀਆਂ ਦੇ ਰਹੀਆਂ ਹਨ। ਦੂਜੇ ਪਾਸੇ, ਟਰੰਪ ਨੇ ਪਹਿਲਾਂ H1B ਵੀਜ਼ਾ ਨੂੰ ਸ਼ਾਨਦਾਰ ਪ੍ਰੋਗਰਾਮ ਦੱਸਿਆ ਸੀ ਅਤੇ ਕਿਹਾ ਸੀ ਕਿ ਕਈ ਕੰਪਨੀਆਂ 'ਚ H1B ਵੀਜ਼ਾ ਧਾਰਕ ਕਰਮਚਾਰੀ ਕੰਮ ਕਰ ਰਹੇ ਹਨ।
USCIS ਦੇ ਨਵੇਂ ਨਿਯੁਕਤ ਡਾਇਰੈਕਟਰ ਜੋਸੇਫ ਐਡਲੋ ਨੇ ਕਿਹਾ ਹੈ ਕਿ H1B ਵੀਜ਼ਾ ਦਾ ਇਸਤੇਮਾਲ ਅਮਰੀਕੀ ਅਰਥਵਿਵਸਥਾ ਅਤੇ ਮਜ਼ਦੂਰਾਂ ਨੂੰ ਪੂਰਾ ਕਰਨ ਲਈ ਹੋਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਦੀ ਥਾਂ ਲੈਣ ਲਈ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ, ਟਰੰਪ ਪ੍ਰਸ਼ਾਸਨ H1B ਲਾਟਰੀ ਸਿਸਟਮ ਨੂੰ ਖਤਮ ਕਰਨ ਅਤੇ ਤਨਖਾਹ-ਅਧਾਰਿਤ ਪ੍ਰਾਇਰਟੀ ਸਿਸਟਮ ਲਾਗੂ ਕਰਨ ’ਤੇ ਵਿਚਾਰ ਕਰ ਰਿਹਾ ਹੈ। ਇਸਦਾ ਮਤਲਬ ਹੈ ਕਿ ਜਿਨ੍ਹਾਂ ਕਰਮਚਾਰੀਆਂ ਦੀ ਤਨਖਾਹ ਉੱਚੀ ਹੋਵੇਗੀ, ਉਨ੍ਹਾਂ ਨੂੰ ਵੱਧ ਤਰਜੀਹ ਮਿਲੇਗੀ।
ਭਾਰਤੀ ਪੇਸ਼ਾਵਰਾਂ ‘ਤੇ ਅਸਰ
H1B ਵੀਜ਼ਾ ਪ੍ਰੋਗਰਾਮ ਵਿੱਚ ਸਭ ਤੋਂ ਵੱਡਾ ਹਿੱਸਾ ਭਾਰਤੀ ਆਈਟੀ ਅਤੇ ਤਕਨਕੀ ਪੇਸ਼ਾਵਰਾਂ ਦਾ ਹੈ। ਹਰ ਸਾਲ ਹਜ਼ਾਰਾਂ ਭਾਰਤੀ ਇੰਜੀਨੀਅਰ, ਡਾਕਟਰ ਅਤੇ ਖੋਜਕਾਰ ਅਮਰੀਕਾ H1B ਵੀਜ਼ਾ ਰਾਹੀਂ ਜਾਂਦੇ ਹਨ। ਜੇਕਰ ਨਿਯਮ ਸਖ਼ਤ ਕੀਤੇ ਗਏ ਜਾਂ ਰੋਕ ਲਗਾਈ ਗਈ ਤਾਂ ਇਸ ਦਾ ਸਿੱਧਾ ਅਸਰ ਭਾਰਤ ਦੇ ਆਈਟੀ ਸੈਕਟਰ ਅਤੇ ਭਾਰਤੀ ਟੈਲੈਂਟ ‘ਤੇ ਪਵੇਗਾ।