US Report On Religious Freedom: ਅਮਰੀਕਾ ਨੇ ਇੱਕ ਵਾਰ ਫਿਰ ਧਾਰਮਿਕ ਹਿੰਸਾ ਨੂੰ ਲੈ ਕੇ ਭਾਰਤ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਧਾਰਮਿਕ ਆਜ਼ਾਦੀ 'ਤੇ ਆਪਣੀ ਸਾਲਾਨਾ ਰਿਪੋਰਟ ਜਾਰੀ ਕੀਤੀ ਹੈ। ਸਾਲ 2022 ਲਈ ਜਾਰੀ ਕੀਤੀ ਗਈ ਇਸ ਰਿਪੋਰਟ 'ਚ ਭਾਰਤ 'ਚ ਮੁਸਲਮਾਨਾਂ ਤੇ ਈਸਾਈਆਂ ਸਮੇਤ ਧਾਰਮਿਕ ਘੱਟ ਗਿਣਤੀਆਂ 'ਤੇ ਹੋ ਰਹੇ ਹਮਲਿਆਂ ਉੱਪਰ ਚਿੰਤਾ ਜਾਹਿਰ ਕੀਤੀ ਗਈ ਹੈ।



ਇਸ ਰਿਪੋਰਟ 'ਤੇ ਇੱਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਕਿਹਾ ਹੈ ਕਿ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਲਗਾਤਾਰ ਧਾਰਮਿਕ ਹਿੰਸਾ ਦੀ ਨਿੰਦਾ ਕਰੇ। ਅਮਰੀਕੀ ਅਧਿਕਾਰੀ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਹੀ ਅਮਰੀਕਾ ਦੌਰੇ 'ਤੇ ਜਾ ਰਹੇ ਹਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਇਹ ਮੁੱਦਾ ਉਠਾ ਸਕਦਾ ਹੈ।

ਅਮਰੀਕਾ ਵੱਲੋਂ ਧਾਰਮਿਕ ਆਜ਼ਾਦੀ 'ਤੇ ਰਿਪੋਰਟ ਜਾਰੀ


 
ਅਮਰੀਕੀ ਵਿਦੇਸ਼ ਵਿਭਾਗ ਨੇ ਧਾਰਮਿਕ ਆਜ਼ਾਦੀ 'ਤੇ ਆਪਣੀ ਸਾਲਾਨਾ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਵਿੱਚ ਭਾਰਤ ਵਿੱਚ ਮੁਸਲਮਾਨਾਂ ਤੇ ਇਸਾਈਆਂ ਸਮੇਤ ਧਾਰਮਿਕ ਘੱਟ ਗਿਣਤੀਆਂ 'ਤੇ ਹਮਲਿਆਂ ਨੂੰ ਉਜਾਗਰ ਕੀਤਾ ਗਿਆ ਹੈ।

ਮੁਸਲਮਾਨਾਂ, ਈਸਾਈਆਂ ਤੇ ਹੋਰ ਘੱਟ ਗਿਣਤੀਆਂ ਵਿਰੁੱਧ ਹਮਲਿਆਂ ਦਾ ਹਵਾਲਾ ਦਿੰਦੇ ਹੋਏ, ਇੱਕ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਉਹ ਸਿਵਲ ਸੁਸਾਇਟੀ ਦੇ ਮੈਂਬਰਾਂ, ਦਲੇਰ ਪੱਤਰਕਾਰਾਂ ਨਾਲ ਕੰਮ ਕਰਨਾ ਜਾਰੀ ਰੱਖੇਗਾ ਤੇ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਆਪਣੇ ਹਮਰੁਤਬਾ ਨਾਲ ਸਿੱਧੀ ਗੱਲ ਕਰੇਗਾ।

ਇਸ ਰਿਪੋਰਟ ਤੋਂ ਅਮਰੀਕਾ ਚਿੰਤਤ

ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਰਿਪੋਰਟ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ, ਇੱਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਉਹ ਲਗਾਤਾਰ ਧਾਰਮਿਕ ਹਿੰਸਾ ਤੋਂ ਦੁਖੀ ਹਨ। ਅਧਿਕਾਰੀ ਨੇ ਕਿਹਾ, "ਇਨ੍ਹਾਂ ਚਿੰਤਾਵਾਂ ਦੇ ਸਬੰਧ ਵਿੱਚ, ਅਸੀਂ ਸਰਕਾਰ ਨੂੰ ਹਿੰਸਾ ਦੀ ਨਿੰਦਾ ਕਰਨ ਤੇ ਧਾਰਮਿਕ ਘੱਟ ਗਿਣਤੀਆਂ ਪ੍ਰਤੀ ਅਣਮਨੁੱਖੀ ਬਿਆਨ ਦੇਣ ਵਾਲਿਆਂ ਨੂੰ ਜਵਾਬਦੇਹ ਬਣਾਉਣ ਲਈ ਉਤਸ਼ਾਹਿਤ ਕਰ ਰਹੇ ਹਾਂ।"

ਇਹ ਰਿਪੋਰਟ ਅਜਿਹੇ ਸਮੇਂ 'ਚ ਆਈ ਹੈ ਜਦੋਂ ਪੀਐਮ ਮੋਦੀ ਜੂਨ 'ਚ ਅਮਰੀਕਾ ਦੇ ਅਧਿਕਾਰਤ ਦੌਰੇ 'ਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਉਹ ਇਸ ਹਫ਼ਤੇ ਦੇ ਅੰਤ ਵਿੱਚ ਜਾਪਾਨ ਵਿੱਚ ਹੋਣ ਵਾਲੇ ਜੀ-7 ਸੰਮੇਲਨ ਤੇ ਅਗਲੇ ਹਫ਼ਤੇ ਆਸਟਰੇਲੀਆ ਵਿੱਚ ਹੋਣ ਵਾਲੇ ਕਵਾਡ ਸੰਮੇਲਨ ਵਿੱਚ ਅਮਰੀਕੀ ਰਾਸ਼ਟਰਪਤੀ ਬਿਡੇਨ ਨਾਲ ਮੁਲਾਕਾਤ ਕਰਨਗੇ।