ਵਾਸ਼ਿੰਗਟਨ: H-1B ਵੀਜ਼ਾ ਰਾਹੀਂ ਅਮਰੀਕਾ ਆਉਣ ਵਾਲੇ ਕਾਮਿਆਂ ਨੂੰ ਅਕਸਰ ਘਟੀਆ ਥਾਵਾਂ 'ਤੇ ਕੰਮ ਕਰਨਾ ਪੈਂਦਾ ਹੈ ਤੇ ਉਹ ਸ਼ੋਸ਼ਣ ਦਾ ਸ਼ਿਕਾਰ ਵੀ ਛੇਤੀ ਬਣ ਜਾਂਦੇ ਹਨ। ਅਮਰੀਕੀ ਬੁੱਧੀਜੀਵੀਆਂ ਨੇ ਐਚ-1ਬੀ ਵੀਜ਼ਾ ਧਾਰਕਾਂ ਦੀ ਹਾਲਤ 'ਤੇ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਦੇ ਮਿਹਨਤਾਨੇ ਵਿੱਚ ਲਗਾਤਾਰ ਵਾਧਾ ਕਰਨ ਦੀ ਮੰਗ ਕੀਤੀ ਹੈ।


ਹਾਰਵਰਡ ਯੂਨੀਵਰਸਿਟੀ ਦੇ ਅਟਲਾਂਟਿੰਕ ਕੌਂਸਲ ਦੇ ਦੱਖਣੀ ਏਸ਼ੀਆਈ ਕੇਂਦਰ ਦੇ ਰੌਨ ਹੀਰਾ ਨੇ ਇਸ ਵੀਜ਼ਾ ਤਹਿਤ ਅਮਰੀਕਾ ਆਉਣ ਵਾਲੇ ਕਾਮਿਆਂ ਨੂੰ ਚੰਗੇ ਕੰਮਕਾਜੀ ਮਾਹੌਲ ਤੇ ਮੁਲਜ਼ਾਮ ਪੱਖੀ ਮਜ਼ਬੂਤ ਹੱਕ ਮਿਲਣ ਦੀ ਵਕਾਲਤ ਕੀਤੀ ਹੈ। ਇਹ ਰਿਪੋਰਟ ਉਸ ਸਮੇਂ ਆਈ ਹੈ ਜਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਬਿਆਨ ਦਿੱਤਾ ਕਿ ਉਹ ਐਚ-1ਬੀ ਵੀਜ਼ਾ ਤਹਿਤ ਆਉਣ ਵਾਲੇ ਲੋਕਾਂ ਨੂੰ ਅਮਰੀਕਾ ਵਿੱਚ ਰਹਿਣ ਤੇ ਨਾਗਰਿਕਤਾ ਪ੍ਰਾਪਤ ਕਰਨ ਲਈ ਸੌਖੀ ਨੀਤੀ ਲੈ ਕੇ ਆਉਣਗੇ।

ਰਿਪੋਰਟ ਮੁਤਾਬਕ ਮੌਜੂਦਾ ਪ੍ਰਣਾਲੀ ਨਾ ਸਿਰਫ ਅਮਰੀਕੀਆਂ ਦੇ ਹੱਕਾਂ 'ਤੇ ਡਾਕਾ ਮਾਰਦੀ ਹੈ ਨਾਲ ਹੀ ਐਚ-1ਬੀ ਵੀਜ਼ਾ ਧਾਰਕਾਂ ਦਾ ਸ਼ੋਸ਼ਣ ਵੀ ਕਰਦੀ ਹੈ। ਕੌਂਸਲ ਨੇ ਵੀਜ਼ਾ ਦੇਣ ਦੀ ਪ੍ਰਕਿਰਿਆ ਵਿੱਚ ਵੀ ਸੋਧ ਕਰਨ ਦੀ ਮੰਗ ਕੀਤੀ ਹੈ। ਐਚ-1ਬੀ ਵੀਜ਼ਾ ਭਾਰਤੀ ਮੂਲ ਦੇ ਤਕਨੀਕੀ ਹੁਨਰਮੰਦ ਵਿਅਕਤੀਆਂ ਵਿੱਚ ਕਾਫੀ ਪ੍ਰਚਲਿਤ ਹੈ, ਜੇਕਰ ਬੁੱਧੀਜੀਵੀਆਂ ਦੇ ਸੁਝਾਅ ਮੁਤਾਬਕ ਬਦਲਾਅ ਹੁੰਦੇ ਹਨ ਤਾਂ ਭਾਰਤੀਆਂ ਨੂੰ ਕਾਫੀ ਲਾਭ ਹੋਣ ਦੀ ਆਸ ਹੈ।