ਲੰਡਨ: ਬ੍ਰੈਗਜ਼ਿਟ ਡੀਲ ਨੂੰ ਸੰਸਦ 'ਚ ਖਾਰਜ ਕੀਤੇ ਜਾਣ ਤੋਂ ਬਾਅਦ ਯੂਕੇ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਖਿਲਾਫ਼ ਸੰਸਦ ਵਿੱਚ ਲਿਆਂਦਾ ਗਿਆ ਬੇਭਰੋਸਗੀ ਮਤਾ ਖਾਰਜ ਹੋ ਗਿਆ ਹੈ। ਵਿਰੋਧੀ ਧਿਰ ਲੇਬਰ ਪਾਰਟੀ ਨੇ ਉਨ੍ਹਾਂ ਖਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਸੀ। ਇਸ ਤੋਂ ਬਾਅਦ 325 ਸੰਸਦ ਮੈਂਬਰਾਂ ਨੇ ਥੈਰੇਸਾ ਮੇਅ ਦਾ ਸਾਥ ਦਿੱਤਾ ਜਦੋਂਕਿ 306 ਸੰਸਦ ਮੈਂਬਰਾਂ ਨੇ ਬੇਭਰੋਸਗੀ ਮਤੇ ਦੇ ਹੱਕ ਵਿੱਚ ਵੋਟ ਪਾਈ। ਇਸ ਮਗਰੋਂ ਮੇਅ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਨਿੱਜੀ ਹਿੱਤਾਂ ਨੂੰ ਪਾਸੇ ਕਰਕੇ ਇਕੱਠੇ ਹੋ ਕੇ ਕੰਮ ਕਰਨ ਬ੍ਰੈਗਜ਼ਿਟ ਲਈ ਰਾਹ ਲੱਭਣ ਦੀ ਅਪੀਲ ਕੀਤੀ।
ਦਰਅਸਲ, ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਯੂਰਪੀ ਯੂਨੀਅਨ ਤੋਂ ਯੂਕੇ ਦੇ ਵੱਖ ਹੋਣ ਬਾਰੇ ਯੂਰਪ ਦੇ ਅਧਿਕਾਰੀਆਂ ਨਾਲ ਜੋ ਸਮਝੌਤਾ ਕੀਤਾ ਸੀ, ਇਸ ਪ੍ਰਸਤਾਵ ਨੂੰ ਸਦਨ ਨੇ ਸਿਰੇ ਤੋਂ ਖਾਰਜ ਕਰ ਦਿੱਤਾ। ਉਸ ਤੋਂ ਬਾਅਦ ਲੇਬਰ ਪਾਰਟੀ ਦੇ ਆਗੂ ਜੈਰੇਮੀ ਕੋਰਬੇਨ ਨੇ ਇਹ ਕਹਿੰਦਿਆਂ ਬੇਭਰੋਸਗੀ ਮਤਾ ਲਿਆਂਦਾ ਸੀ ਕਿ ਥੇਰੇਸਾ ਮੇਅ ਦੀ ਸਰਕਾਰ ਨੇ ਆਪਣੀ ਭਰੋਸੇਯੋਗਤਾ ਗੁਆ ਦਿੱਤੀ ਹੈ। ਬੁੱਧਵਾਰ ਨੂੰ ਯੂਕੇ ਸੰਸਦ ਵਿੱਚ ਛੇ ਘੰਟਿਆਂ ਤਕ ਬੇਭਰੋਸਗੀ ਮਤੇ 'ਤੇ ਬਹਿਸ ਹੋਈ ਜਿਸ ਤੋਂ ਬਾਅਦ ਵੋਟਿੰਗ ਹੋਈ।
ਵੋਟਿੰਗ 'ਚ ਥੈਰੇਸਾ ਮੇਅ ਸਿਰਫ਼ 19 ਵੋਟਾਂ ਦੇ ਫਰਕ ਨਾਲ ਆਪਣੀ ਸਰਕਾਰ ਬਚਾਉਣ ਵਿੱਚ ਕਾਮਯਾਬ ਰਹੀ। ਬੁੱਧਵਾਰ ਦੀ ਰਾਤ ਥੇਰੇਸਾ ਮੇਅ ਨੇ ਐਸਐਨਪੀ, ਲਿਬ ਡੈੱਮ ਤੇ ਪਲੇਅਡ ਸਾਈਮਰੂ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਪਰ ਲੇਬਰ ਪਾਰਟੀ ਦੇ ਆਗੂ ਜੈਰੇਮੀ ਕੋਰਬੇਨ ਨੂੰ ਨਹੀਂ ਮਿਲੀ। ਬੇਭਰੋਸਗੀ ਮਤਾ ਖਾਰਿਜ ਹੋਣ ਤੋਂ ਬਾਅਦ ਥੈਰੇਸਾ ਮੇਅ ਨੇ ਸੰਸਦ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਯੂਰਪੀ ਯੂਨੀਅਨ ਛੱਡਣ ਲਈ ਹੋਏ ਰੈਫਰੰਡਮ ਦੇ ਨਤੀਜਿਆਂ ਦਾ ਪਾਲਣ ਕਰਨ ਅਤੇ ਦੇਸ਼ ਦੀ ਜਨਤਾ ਲਈ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਮੈਂ ਕੰਮ ਕਰਦੀ ਰਹਾਂਗੀ"। ਉਨ੍ਹਾਂ ਨੇ ਪਾਰਟੀ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨਾਲ ਮਿਲਕੇ ਬ੍ਰੈਗਜ਼ਿਟ ਲਈ ਅਗਲਾ ਰਾਹ ਲੱਭਣ ਵਿੱਚ ਉਨ੍ਹਾਂ ਦੀ ਮਦਦ ਕਰਨ। ਉਨ੍ਹਾਂ ਨੇ ਕਿਹਾ, "ਸਾਨੂੰ ਅਜਿਹਾ ਹੱਲ ਲੱਭਣਾ ਚਾਹੀਦਾ ਹੈ, ਜਿਸ ਉੱਤੇ ਵਿਚਾਰ ਕੀਤਾ ਜਾ ਸਕੇ ਅਤੇ ਜਿਸ ਨੂੰ ਸਦਨ ਦਾ ਲੋੜੀਂਦਾ ਸਮਰਥਨ ਹਾਸਲ ਹੋਵੇ।