ਵਾਸ਼ਿੰਗਟਨ: ਅਮਰੀਕੀ ਹਵਾਈ ਫ਼ੌਜ ਨੇ ਆਪਣੇ ਜੰਗੀ ਜੈੱਟ ਹਵਾਈ ਜਹਾਜ਼ F-35A ਨਾਲ ਪ੍ਰਮਾਣੂ ਬੰਬ ਡੇਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ 25 ਅਗਸਤ ਨੂੰ ਨੇਵਾਦਾ ’ਚ ਸੈਂਡੀਆ ਨੈਸ਼ਨਲ ਲੈਬੋਰੇਟਰੀਜ਼ ਦੀ ਟੋਨੋਪਾ ਪ੍ਰੀਖਣ ਰੇਂਜ ’ਚ 5ਵੀਂ ਪੀੜ੍ਹੀ ਦੇ ਜੰਗੀ ਹਵਾਈ ਜਹਾਜ਼ ਸੁਪਰਸੋਨਿਕ ਰਫ਼ਤਾਰ ਨਾਲ ਉਡਾਣ ਭਰਦਿਆਂ ਅੰਦਰੂਨੀ ਖਾੜੀ ਵੱਲ ਬੰਬ ਸੁੱਟਿਆ ਸੀ।


ਪ੍ਰੀਖਣ ਦੌਰਾਨ F-35A ਲਾਈਟਨਿੰਗ II ਨੇ B61–12 ਨੂੰ 10,500 ਫ਼ੁੱਟ ਦੀ ਉਚਾਈ ਤੋਂ ਸੁੱਟਿਆ, ਜਿਸ ਵਿੱਚ ਗ਼ੈਰ–ਪ੍ਰਮਾਣੂ ਤੇ ਨਕਲੀ ਪ੍ਰਮਾਣੂ ਤੱਤ ਸਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਉਸ ਨਕਾਰਾ ਬੰਬ ਨੇ ਲਗਪਗ 42 ਸੈਕੰਡਾਂ ਬਾਅਦ ਨਿਸ਼ਾਨੇ ਵਾਲੇ ਖੇਤਰ ਦੇ ਅੰਦਰ ਰੇਗਿਸਤਾਨ ’ਚ ਹਮਲਾ ਕੀਤਾ।

Sandia B61-12 ਸਿਸਟਮ ਟੀਮ ਦੇ ਮੈਨੇਜਰ ਸਟੀਵਨ ਸੈਮੁਅਲ ਨੇ ਕਿਹਾ ਕਿ ਉਹ ਦੇਸ਼ ਦੇ ਪ੍ਰਮਾਣੂ ਪ੍ਰੋਗਰਾਮ ਲਈ ਵਿਆਪਕ ਬਹੁਪੱਖੀ ਪ੍ਰਤਿਭਾ ਵਿਖਾ ਰਹੇ ਹਨ। F035A ਦੀ ਪੰਜਵੀਂ ਪੀੜ੍ਹੀ ਦੇ ਜੰਗੀ ਜੈੱਟ ਹਵਾਈ ਜਹਾਜ਼ ਨੂੰ ਤਿਆਰ ਕਰਨ ਵਿੱਚ 9 ਦੇਸ਼-ਅਮਰੀਕਾ, ਇੰਗਲੈਂਡ, ਇਟਲੀ, ਨੀਦਰਲੈਂਡ, ਤੁਰਕੀ, ਕੈਨੇਡਾ, ਡੈਨਮਾਰਕ, ਨਾਰਵੇ ਤੇ ਆਸਟ੍ਰੇਲੀਆ ਸ਼ਾਮਲ ਸਨ। ਸਟੀਵਨ ਸੈਮੁਅਲ ਨੇ ਕਿਹਾ ਕਿ ਨਵਾਂ ਜੰਗੀ ਹਵਾਈ ਜਹਾਜ਼ B61-12 ਸਾਡੇ ਦੇਸ਼ ਤੇ ਸਾਡੇ ਸਹਿਯੋਗੀ ਦੇਸ਼ਾਂ ਲਈ ਸਮੁੱਚੀ ਪ੍ਰਮਾਣੂ ਪ੍ਰੋਗਰਾਮ ਰਣਨੀਤੀ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ।