ਵਾਸ਼ਿੰਗਟਨ: ਅਮਰੀਕਾ ਨੇ ਵੀਰਵਾਰ ਐਲਾਨ ਕੀਤਾ ਹੈ ਕਿ ਉਹ ਐਚ-1 ਬੀ ਵੀਜ਼ਾ ਦੇ ਲਈ ਚੋਣ ਪ੍ਰਕਿਰਿਆ 'ਚ ਬਦਲਾਅ ਕਰੇਗਾ ਤੇ ਹੁਣ ਨਵੀਂ ਪ੍ਰਕਿਰਿਆ 'ਚ ਮੌਜੂਦਾ ਲੌਟਰੀ ਪ੍ਰਕਿਰਿਆ ਦੀ ਥਾਂ ਵੇਤਨ ਤੇ ਕੌਸ਼ਲ ਨੂੰ ਤਵੱਜੋ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਅੰਤਿਮ ਨਿਯਮ ਅੱਠ ਜਨਵਰੀ ਨੂੰ ਫੈਡਰਲ ਰਜਿਸਟਰ 'ਚ ਪ੍ਰਕਾਸ਼ਿਤ ਹੋਣਗੇ।
ਉਨ੍ਹਾਂ ਕਿਹਾ ਕਿ ਇਸਦਾ ਉਦੇਸ਼ ਅਮਰੀਕੀ ਮਿਹਨਤਕਸ਼ਾਂ ਦੇ ਆਰਥਿਕ ਹਿੱਤਾਂ ਦੀ ਸੁਰੱਖਿਆ ਕਰਨਾ ਹੈ। ਇਸ ਦੇ ਨਾਲ ਹੀ ਯਕੀਨੀ ਬਣਾਉਣਾ ਹੈ ਕਿ ਅਸਥਾਈ ਰੋਜ਼ਗਾਰ ਪ੍ਰੋਗਰਾਮ ਨਾਲ ਉੱਚ ਯੋਗਤਾ ਰੱਖਣ ਵਾਲੇ ਵਿਦੇਸ਼ੀ ਕਰਮਚਾਰੀਆਂ ਨੂੰ ਲਾਭ ਹੋਵੇ। ਐਚ-1ਬੀ ਵੀਜ਼ਾ ਇਕ ਗੈਰ-ਅਪ੍ਰਵਾਸੀ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਖਾਸ ਅਹੁਦਿਆਂ 'ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ। ਅਮਰੀਕਾ ਦੀਆਂ ਤਕਨੀਕੀ ਕੰਪਨੀਆਂ ਇਸ ਵੀਜ਼ਾ ਦੇ ਆਧਾਰ 'ਤੇ ਭਾਰਤ ਤੇ ਚੀਨ ਤੋਂ ਹਰ ਸਾਲ ਹਜ਼ਾਰਾਂ ਦੀ ਸੰਖਿਆਂ 'ਚ ਕਰਮਚਾਰੀਆਂ ਦੀ ਨਿਯੁਕਤੀ ਕਰਦੀਆਂ ਹਨ।
ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸਰਵਿਸਜ਼ ਨੇ ਕਿਹਾ ਕਿ ਐਚ-1ਬੀ ਵੀਜ਼ਾ ਚੋਣ ਪ੍ਰਕਿਰਿਆ 'ਚ ਸੋਧ ਨਾਲ ਉੱਚ ਵੇਤਨ 'ਤੇ ਉੱਚ ਅਹੁਦਿਆਂ 'ਤੇ ਆਵੇਦਨ ਜਾਰੀ ਕਰਨ ਨੂੰ ਹੁਲਾਰਾ ਮਿਲੇਗਾ। ਇਸ ਦੇ ਨਾਲ ਹੀ ਕੰਪਨੀਆਂ ਲਈ ਲੋੜ ਦੇ ਮੁਤਾਬਕ ਕਰਮਚਾਰੀਆਂ ਨੂੰ ਰੱਖਣ ਤੇ ਖੁਦ ਨੂੰ ਕੌਮਾਂਤਰੀ ਪੱਧਰ 'ਤੇ ਮੁਕਾਬਲੇ 'ਚ ਬਣਾਈ ਰੱਖਣ ਦਾ ਰਾਹ ਪੱਧਰਾ ਹੋਵੇਗਾ।
ਅੰਤਿਮ ਨਿਯਮ ਫੈਡਰਲ ਰਜਿਸਟਰ 'ਚ ਪ੍ਰਕਾਸ਼ਤ ਹੋਣ ਦੇ 60 ਦਿਨ ਬਾਅਦ ਪ੍ਰਭਾਵੀ ਹੋਣਗੇ। ਐਚ-1ਬੀ ਵੀਜ਼ਾ ਪ੍ਰੋਗਰਾਮ ਲਈ ਆਵੇਦਨ ਕਰਨ ਦਾ ਅਗਲਾ ਗੇੜ ਇਕ ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। USCIS ਦੇ ਡਿਪਟੀ ਡਾਇਰੈਕਟਰ ਫਾਰ ਪਾਲਿਸੀ ਜੋਸੇਫ ਏਡਲੋ ਨੇ ਕਿਹਾ, 'H-1B ਅਸਥਾਈ ਵੀਜ਼ਾ ਪ੍ਰੋਗਰਾਮ ਦਾ ਦੁਰਉਪਯੋਗ ਹੋ ਰਿਹਾ ਹੈ। ਮੁੱਖ ਤੌਰ 'ਤੇ ਐਂਟਰੀ ਲੈਵਲ ਦੇ ਅਹੁਦਿਆਂ ਨੂੰ ਭਰਨ 'ਤੇ ਆਪਣੀ ਕਾਰੋਬਾਰੀ ਲਾਗਤ ਨੂੰ ਘਟਾਉਣ 'ਚ ਇਸ ਦਾ ਇਸਤੇਮਾਲ ਕਰ ਰਹੇ ਹਨ।'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ