ਵਸ਼ਿੰਗਟਨ: ਅਮਰੀਕਾ ਦੇ ‘ਸੈਂਟਰਜ਼ ਫ਼ਾਰ ਡਿਜ਼ੀਸ ਕੰਟਰੋਲ ਐਂਡ ਪ੍ਰੀਵੈਂਸ਼ਨ’ (CDC) ਨੇ ਹੁਣ ਇਹ ਮੰਨਿਆ ਹੈ ਕਿ ਕੋਵਿਡ-19 ਮਹਾਮਾਰੀ ਨੂੰ ਫੈਲਾਉਣ ਪਿੱਛੇ ਜਿਹੜਾ SARS-CoV-2 ਵਾਇਰਸ ਹੈ, ਉਹ ਹਵਾ ’ਚ ਪੈਦਾ ਹੋਇਆ ਹੈ ਤੇ ਜਦੋਂ ਕੋਈ ਪੀੜਤ ਵਿਅਕਤੀ ਆਪਣੇ ਸਾਹ ਰਾਹੀਂ ਉਸ ਦੇ ਕਣ ਹਵਾ ’ਚ ਛੱਡਦਾ ਹੈ, ਤਾਂ ਉਹ ਅੱਗੇ ਸਾਹਮਣੇ ਵਾਲੇ ਵਿਅਕਤੀ ਉਸ ਦੀ ਲਾਗ ਤੋਂ ਗ੍ਰਸਤ ਹੋ ਜਾਂਦਾ ਹੈ।
CDC ਨੇ ਆਪਣੀ ਨਵੀਂ ਖੋਜ ਦੇ ਆਧਾਰ ਉੱਤੇ ਜਨਤਾ ਨੂੰ ਜਾਰੀ ਦਿਸ਼ਾ-ਨਿਰਦੇਸ਼ ਵੀ ਅਪਡੇਟ ਕੀਤੇ ਹਨ। ਇਸ ਅਮਰੀਕੀ ਖੋਜ ਕੇਂਦਰ ਅਨੁਸਾਰ ਪੀੜਤ ਵਿਅਕਤੀ ਆਪਣੇ ਸਾਹ ਨਾਲ ਜਦੋਂ ਲਾਗ ਗ੍ਰਸਤ ਕਣ ਹਵਾ ’ਚ ਛੱਡਦਾ ਹੈ, ਤਾਂ ਉਹ ਲਾਗਲੀਆਂ ਸਤ੍ਹਾਵਾਂ ਉੱਤੇ ਜੰਮ ਜਾਂਦੇ ਹਨ ਤੇ ਫਿਰ ਉਹ ਕਾਫ਼ੀ ਲੰਮੇ ਸਮੇਂ ਤੱਕ ਉੱਥੇ ਮੌਜੂਦ ਰਹਿੰਦੇ ਹਨ। ਉੱਥੋਂ ਅੱਗੇ ਉਹ ਹਵਾ ’ਚ ਜਾਰੀ ਹੁੰਦੇ ਰਹਿੰਦੇ ਹਨ ਤੇ ਲੋਕਾਂ ਨੂੰ ਲਾਗ ਤੋਂ ਗ੍ਰਸਤ ਕਰਦੇ ਰਹਿੰਦੇ ਹਨ।
‘ਵੱਡੀਆਂ ਬੂੰਦਾਂ ਤਾਂ ਸੈਕੰਡਾਂ ਤੇ ਮਿੰਟਾਂ ’ਚ ਹੀ ਹਵਾ ’ਚ ਘੁਲ ਜਾਂਦੀਆਂ ਹਨ ਪਰ ਬਹੁਤ ਬਾਰੀਕ ਬੂੰਦਾਂ ਤੇ ਕਣ ਕਈ–ਕਈ ਘੰਟੇ ਹਵਾ ’ਚ ਫੈਲਦੀਆਂ ਰਹਿੰਦੀਆਂ ਹਨ।’ ਏਜੰਸੀ ਨੇ ਦੱਸਿਆ ਹੈ ਕਿ ਛੂਤ ਦੇ ਇਹ ਕਣ 6 ਫ਼ੁੱਟ ਦੀ ਦੂਰੀ ਤੱਕ ਮਾਰ ਕਰਦੇ ਹਨ। ਕੁਝ ਮਾਮਲਿਆਂ ’ਚ ਇਹ 15 ਮਿੰਟਾਂ ਤੱਕ ਸਰਗਰਮ ਰਹਿੰਦੇ ਹਨ ਤੇ ਕੁਝ ਮਾਮਲਿਆਂ ਵਿੱਚ ਇਹ ਘੰਟਿਆਂ ਬੱਧੀ ਮਾਰ ਕਰਦੇ ਰਹਿ ਸਕਦੇ ਹਨ। ‘ਕੁਝ ਮਾਮਲਿਆਂ ’ਚ ਇਹ ਛੇ ਫੁੱਟ ਤੋਂ ਵੀ ਵੱਧ ਦੂਰੀ ਤੱਕ ਮਾਰ ਕਰ ਸਕਦੇ ਹਨ।
ਇਸ ਤੋਂ ਇੱਕ ਮਹੀਨਾ ਪਹਿਲਾਂ ਕੌਮਾਂਤਰੀ ਜਨਰਲ ‘ਦਿ ਲਾਂਸੈਂਟ’ ’ਚ ਵੀ ਅਜਿਹਾ ਇੱਕ ਆਰਟੀਕਲ ਛਪਿਆ ਸੀ ਤੇ ਉਸ ਵਿੱਚ ਵੀ ਇਹੋ ਗੱਲ ਆਖੀ ਗਈ ਸੀ ਕਿ ਕੋਵਿਡ ਵਾਇਰਸ ਹਵਾ ਰਾਹੀਂ ਫੈਲਦਾ ਹੈ। ਇੰਗਲੈਂਡ, ਅਮਰੀਕਾ ਤੇ ਕੈਨੇਡਾ ਦੇ ਛੇ ਮਾਹਿਰਾਂ ਨੇ ਹੁਣ ਤਾਜ਼ਾ ਵਿਸ਼ਲੇਸ਼ਣ ’ਚ ਕਿਹਾ ਹੈ ਕਿ ਜਨਤਕ ਸਿਹਤ ਦੇ ਉਪਾਅ ਇਸੇ ਕਰ ਕੇ ਨਾਕਾਮ ਸਿੱਧ ਹੋ ਰਹੇ ਹਨ ਕਿਉਂਕਿ ਵਾਇਰਸ ਦੀ ਲਾਗ ਜ਼ਿਆਦਾਤਰ ਹਵਾ ਰਾਹੀਂ ਫੈਲਦੀ ਹੈ।