USA-Chaina Tariff War: ਦੁਨੀਆ ਭਰ ਖਿਲਾਫ ਟੈਰਿਫ ਜੰਗ ਛੇੜਣ ਵਾਲੇ ਅਮਰੀਕੀ ਰਾਸ਼ਰਟਪਤੀ ਡੋਨਾਲਡ ਟਰੰਪ ਨੂੰ ਸਬਕ ਸਿਖਾਉਣ ਲਈ ਚੀਨ ਨੇ ਵੱਡਾ ਐਕਸ਼ਨ ਲਿਆ ਹੈ। ਅਮਰੀਕਾ ਨਾਲ ਵਧਦੇ ਵਪਾਰ ਯੁੱਧ ਦੇ ਵਿਚਕਾਰ ਚੀਨ ਨੇ 7 ਕੀਮਤੀ ਧਾਤਾਂ (ਰੇਅਰ ਅਰਥ ਮਟੀਰੀਅਲ) ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਹੈ। ਚੀਨ ਨੇ ਕਾਰਾਂ, ਡ੍ਰੋਨਾਂ ਤੋਂ ਲੈ ਕੇ ਰੋਬੋਟ ਤੇ ਮਿਜ਼ਾਈਲਾਂ ਤੱਕ ਹਰ ਚੀਜ਼ ਨੂੰ ਅਸੈਂਬਲ ਕਰਨ ਲਈ ਲੋੜੀਂਦੇ ਮੈਟਨੇਟ ਯਾਨੀ ਚੁੰਬਕਾਂ ਦੀ ਸ਼ਿਪਮੈਂਟ ਨੂੰ ਵੀ ਚੀਨੀ ਬੰਦਰਗਾਹਾਂ 'ਤੇ ਰੋਕ ਦਿੱਤਾ ਹੈ।
ਇਹ ਸਮੱਗਰੀ ਆਟੋਮੋਬਾਈਲ, ਸੈਮੀਕੰਡਕਟਰ ਤੇ ਐਰੋਸਪੇਸ ਕਾਰੋਬਾਰਾਂ ਲਈ ਬਹੁਤ ਮਹੱਤਵਪੂਰਨ ਹਨ। ਇਸ ਫੈਸਲੇ ਦਾ ਅਸਰ ਦੁਨੀਆ ਭਰ ਦੀਆਂ ਮੋਟਰ ਵਾਹਨ, ਜਹਾਜ਼, ਸੈਮੀਕੰਡਕਟਰ ਤੇ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ 'ਤੇ ਪਵੇਗਾ। ਇਸ ਨਾਲ ਇਹ ਮਹਿੰਗੇ ਹੋ ਜਾਣਗੇ। ਇਸ ਨੂੰ ਲੈ ਕੇ ਦੁਨੀਆ ਭਰ ਵਿੱਚ ਹਾਹਾਕਾਰ ਮੱਚ ਗਈ ਹੈ। ਦੱਸ ਦਈਏ ਕਿ 4 ਅਪ੍ਰੈਲ ਨੂੰ ਚੀਨ ਨੇ ਇਨ੍ਹਾਂ 7 ਕੀਮਤੀ ਧਾਤਾਂ ਦੇ ਨਿਰਯਾਤ 'ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਸੀ। ਹੁਕਮਾਂ ਅਨੁਸਾਰ ਇਨ੍ਹਾਂ ਕੀਮਤੀ ਧਾਤਾਂ ਤੇ ਇਨ੍ਹਾਂ ਤੋਂ ਬਣੇ ਵਿਸ਼ੇਸ਼ ਚੁੰਬਕਾਂ ਨੂੰ ਸਿਰਫ਼ ਵਿਸ਼ੇਸ਼ ਪਰਮਿਟ ਨਾਲ ਹੀ ਚੀਨ ਤੋਂ ਬਾਹਰ ਭੇਜਿਆ ਜਾ ਸਕਦਾ ਹੈ।
ਦੱਸ ਦਈਏ ਕਿ ਇਲੈਕਟ੍ਰਾਨਿਕਸ ਤੋਂ ਲੈ ਕੇ ਆਈਟੀ ਤੱਕ ਇਸ ਰੇਅਰ ਅਰਥ ਮਟੀਰੀਅਲ ਦੀ ਵਰਤੋਂ ਹੁੰਦੀ ਹੈ। ਇਹ ਦੁਰਲੱਭ ਧਰਤੀ ਸਮੱਗਰੀ 17 ਤੱਤਾਂ ਦਾ ਇੱਕ ਸਮੂਹ ਹੈ ਜੋ ਖਪਤਕਾਰ ਇਲੈਕਟ੍ਰਾਨਿਕਸ ਤੋਂ ਲੈ ਕੇ ਫੌਜੀ ਉਪਕਰਣਾਂ ਤੱਕ ਹਰ ਚੀਜ਼ ਵਿੱਚ ਵਰਤੇ ਜਾਂਦੇ ਹਨ। ਇਸ ਦੀ ਵਰਤੋਂ ਆਈਟੀ ਉਦਯੋਗਾਂ, ਸੂਰਜੀ ਊਰਜਾ, ਰਸਾਇਣਕ ਉਦਯੋਗਾਂ ਦੇ ਨਾਲ-ਨਾਲ ਆਧੁਨਿਕ ਤਕਨੀਕੀ ਤੇਲ ਰਿਫਾਇਨਰੀਆਂ ਤੇ ਹੋਰ ਬਹੁਤ ਸਾਰੇ ਉਦਯੋਗਾਂ ਵਿੱਚ ਕੀਤੀ ਜਾਂਦੀ ਹੈ।
ਉਧਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਸਮਾਰਟਫੋਨ, ਕੰਪਿਊਟਰ ਤੇ ਹੋਰ ਇਲੈਕਟ੍ਰਾਨਿਕ ਉਪਕਰਣਾਂ ਨੂੰ 'ਜੈਸੇ ਕੋ ਤੈਸਾ' ਟੈਰਿਫ ਤੋਂ ਛੋਟ ਹੈ, ਪਰ ਸਿਰਫ ਥੋੜ੍ਹੇ ਸਮੇਂ ਲਈ। ਉਨ੍ਹਾੰ ਨੇ ਸੈਮੀਕੰਡਕਟਰ ਸੈਕਟਰ ਤੇ ਪੂਰੀ ਇਲੈਕਟ੍ਰਾਨਿਕਸ ਸਪਲਾਈ ਚੇਨ ਦੀ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ। ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਨ੍ਹਾਂ ਇਲੈਕਟ੍ਰਾਨਿਕਸ 'ਤੇ ਵੱਖਰੇ ਟੈਰਿਫ ਲਗਾਏ ਜਾਣਗੇ।
ਇਸ ਤੋਂ ਪਹਿਲਾਂ, ਅਮਰੀਕੀ ਵਣਜ ਸਕੱਤਰ ਹਾਵਰਡ ਲੂਟਨਿਕ ਨੇ ਕਿਹਾ ਸੀ ਕਿ ਸਮਾਰਟਫੋਨ ਤੇ ਕੰਪਿਊਟਰਾਂ ਸਮੇਤ ਹੋਰ ਇਲੈਕਟ੍ਰਾਨਿਕ ਵਸਤੂਆਂ ਨੂੰ ਦਿੱਤੀ ਗਈ ਛੋਟ ਅਸਥਾਈ ਹੈ। ਉਨ੍ਹਾਂ ਕਿਹਾ ਕਿ ਅਗਲੇ 2 ਮਹੀਨਿਆਂ ਵਿੱਚ ਇਨ੍ਹਾਂ ਚੀਜ਼ਾਂ 'ਤੇ ਵੱਖਰਾ ਟੈਰਿਫ ਲਗਾਉਣ ਦੀ ਯੋਜਨਾ ਹੈ। ਇਸ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਲੂਟਨਿਕ ਨੇ ਕਿਹਾ ਕਿ ਨਵੇਂ ਟੈਰਿਫ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਗਾਏ ਜਾਣਗੇ, ਤਾਂ ਜੋ ਇਨ੍ਹਾਂ ਉਤਪਾਦਾਂ ਦਾ ਉਤਪਾਦਨ ਅਮਰੀਕਾ ਵਿੱਚ ਕੀਤਾ ਜਾ ਸਕੇ।