ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਹੋਏ ਸਰਵੇ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਮਹਿਜ਼ ਇੱਕ ਅੰਕ ਨਾਲ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਤੋਂ ਪਿੱਛੇ ਚੱਲ ਰਹੇ ਹਨ। ਹਿਲੇਰੀ ਨੂੰ 46% ਤਾਂ ਟਰੰਪ ਨੂੰ 45% ਵੋਟਾਂ ਮਿਲੀਆਂ। ਮਾਹਿਰਾਂ ਦੀ ਮੰਨੀਏ ਤਾਂ ਦੋਵਾਂ ਉਮੀਦਵਾਰਾਂ ਵਿਚਾਲੇ ਸਖ਼ਤ ਟੱਕਰ ਹੋਣ ਦੀ ਸੰਭਾਵਨਾ ਹੈ। ਰਾਸ਼ਟਰਪਤੀ ਚੋਣ ਤੋਂ ਪਹਿਲਾਂ ਉਮੀਦਵਾਰਾਂ ਬਾਰੇ ਏਬੀਸੀ ਨਿਊਜ਼/ਵਾਸ਼ਿੰਗਟਨ ਪੋਸਟ ਨੇ ਸਰਵੇ ਕਰਵਾਇਆ ਹੈ। ਇਸ ਅਨੁਸਾਰ ਟਰੰਪ, ਹਿਲੇਰੀ ਤੋਂ ਮਹਿਜ਼ ਇੱਕ ਅੰਕ ਨਾਲ ਪਿੱਛੇ ਹਨ। ਅਸਲ ਵਿੱਚ ਈ-ਮੇਲ ਲੀਕ ਹੋਣ ਦੇ ਮਾਮਲੇ ਕਾਰਨ ਹਿਲੇਰੀ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਵੱਡਾ ਝਟਕਾ ਲੱਗਾ ਹੈ। ਐਫਬੀਆਈ ਨੇ ਇਸ ਮਾਮਲੇ ਵਿੱਚ ਹਿਲੇਰੀ ਖ਼ਿਲਾਫ਼ ਨਵੇਂ ਸਿਰੇ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਕਾਰਨ ਹਿਲੇਰੀ ਨੇ ਐਤਵਾਰ ਨੂੰ ਪੰਜ ਥਾਵਾਂ ਉੱਤੇ ਚੋਣ ਪ੍ਰਚਾਰ ਕਰਨ ਦਾ ਪ੍ਰੋਗਰਾਮ ਦਾ ਰੱਦ ਕਰ ਦਿੱਤਾ। ਦੂਜੇ ਪਾਸੇ ਹਿਲੇਰੀ ਕਲਿੰਟਨ ਨੇ ਆਖਿਆ ਹੈ ਕਿ ਵਿਰੋਧੀ ਆਪਣੀ ਹਾਰ ਦੇਖ ਕੇ ਘਬਰਾ ਗਏ ਹਨ ਤੇ ਅਜਿਹੀਆਂ ਗੱਲਾਂ ਨੂੰ ਤੂਲ ਦੇ ਕੇ ਚੋਣ ਤੋਂ ਧਿਆਨ ਭਟਕਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਦਾ ਧਿਆਨ ਚੋਣ ਪ੍ਰਚਾਰ ਵਿੱਚ ਲੱਗਾ ਹੋਇਆ ਹੈ। ਦੂਜੇ ਪਾਸੇ ਟਰੰਪ ਹਿਲੇਰੀ ਦੀਆਂ ਲੀਕ ਈਮੇਲ ਦੇ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਚੁੱਕ ਰਿਹਾ ਹੈ। ਯਾਦ ਰਹੇ ਕਿ ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਅੱਠ ਨਵੰਬਰ ਨੂੰ ਚੋਣਾਂ ਹੋਣੀਆਂ ਹਨ। ਪੂਰੀ ਦੁਨੀਆ ਦੀ ਨਜ਼ਰ ਇਸ ਚੋਣ ਉੱਤੇ ਲੱਗੀ ਹੋਈ ਹੈ। ਇਸ ਵਾਰ ਹਿਲੇਰੀ ਕਲਿੰਟਨ ਅਤੇ ਡੋਨਾਲਡ ਟਰੰਪ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲ ਰਹੀ ਹੈ।