ਅਟਲਾਂਟਾ: ਅਮਰੀਕਾ ਵਿੱਚ ਫਾਇਰਿੰਗ ਦੀਆਂ ਘਟਨਾਵਾਂ ਵਿੱਚ ਕਮੀ ਨਹੀਂ ਆ ਰਹੀ। ਅਟਲਾਂਟਾ ’ਚ ਵਾਪਰੀ ਘਟਨਾ ਨੇ ਮੁੜ ਗਨ ਕਲਚਰ 'ਤੇ ਸਵਾਲ ਉਠਾਏ ਹਨ। ਅਟਲਾਂਟਾ ਖੇਤਰ ਦੇ ਤਿੰਨ ਮਸਾਜ ਪਾਰਲਰਜ਼ ਵਿੱਚ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਹੋਈ ਲੜੀਵਾਰ ਗੋਲੀਬਾਰੀ ’ਚ 8 ਵਿਅਕਤੀ ਮਾਰੇ ਗਏ।


ਖਾਸ ਗੱਲ ਹੈ ਕਿ ਮ੍ਰਿਤਕਾਂ ’ਚ ਜ਼ਿਆਦਾਤਰ ਏਸ਼ਿਆਈ ਮੂਲ ਦੀਆਂ ਔਰਤਾਂ ਹਨ। ਅਜਿਹਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਏਸ਼ਿਆਈ ਮੂਲ ਦੇ ਲੋਕਾਂ ਵਿਰੁੱਧ ਨਫ਼ਰਤ ਦੀ ਭਾਵਨਾ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ। ਅਮਰੀਕਾ ਸਰਕਾਰ ਲਈ ਇਹ ਵੀ ਚੁਣੌਤੀ ਹੈ ਕਿ ਪਿਛਲੇ ਸਮੇਂ ਦੌਰਾਨ ਵਧਦੀ ਨਸਲੀ ਨਫਰਤ 'ਤੇ ਕਾਬੂ ਪਾਇਆ ਜਾਵੇ।


ਇਸ ਮਾਮਲੇ ਵਿੱਚ ਪੁਲਿਸ ਨੇ ਜਾਰਜੀਆ ਦੇ 21 ਸਾਲਾ ਵਿਅਕਤੀ ਰਾਬਰਟ ੲਰੋਨ ਲਾਗ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਅਜਿਹਾ ਕਿਉਂ ਕੀਤਾ, ਇਸ ਦੇ ਕਾਰਨਾਂ ਬਾਰੇ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਦੱਸਿਆ ਕਿ ਸ਼ੱਕੀ ਮੁਲਜ਼ਮ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਇਸ ਹਮਲੇ ਲਈ ਨਸਲਵਾਦ ਦੀ ਭਾਵਨਾ ਤੋਂ ਪ੍ਰੇਰਿਤ ਸੀ।


ਅਧਿਕਾਰੀਆਂ ਨੇ ਦੱਸਿਆ ਕਿ ਰਾਬਰਟ ਅਕਸਰ ਮਸਾਜ ਪਾਰਲਰ ’ਚ ਜਾਂਦਾ ਰਹਿੰਦਾ ਸੀ। ਉਹ ਫ਼ਲੋਰੀਡਾ ਵੀ ਜਾਣਾ ਚਾਹ ਰਿਹਾ ਸੀ। ਉੱਥੇ ਵੀ ਉਸ ਦਾ ਅਜਿਹੀ ਇੱਕ ਹੋਰ ਵਾਰਦਾਤ ਨੂੰ ਅੰਜਾਮ ਦੇਣ ਦਾ ਇਰਾਦਾ ਸੀ। ਪੁਲਿਸ ਅਧਿਕਾਰੀਆਂ ਨੇ ਖ਼ਦਸ਼ਾ ਪ੍ਰਗਟਾਇਆ ਕਿ ਸ਼ੱਕੀ ਹਮਲਾਵਰ ਨੂੰ ਸੈਕਸ ਦੀ ਲਤ ਵੀ ਲੱਗੀ ਹੋ ਸਕਦੀ ਹੈ।


ਅਟਲਾਂਟਾ ਪੁਲਿਸ ਦੇ ਮੁਖੀ ਰੌਡਨੀ ਬ੍ਰਾਇੰਟ ਨੇ ਦੱਸਿਆ ਕਿ ਉੱਤਰ-ਪੂਰਬੀ ਅਟਲਾਂਟਾ ’ਚ ਇੱਕ ਸਪਾਅ ਅੰਦਰ ਗੋਲੀਬਾਰੀ ਕਾਰਣ 3 ਔਰਤਾਂ ਦੀ ਮੌਤ ਹੋ ਗਈ। ਇੱਕ ਹੋਰ ਸਪਾਅ ਵਿੱਚ ਇੱਕ ਹੋਰ ਔਰਤ ਦੀ ਜਾਨ ਗਈ। ਇਹ ਚਾਰੇ ਏਸ਼ੀਆਈ ਮੂਲ ਦੀਆਂ ਸਨ। ਮੰਗਲਵਾਰ ਸ਼ਾਮੀਂ 5 ਤੋਂ ਸਾਢੇ 5 ਦੌਰਾਨ ਅਟਲਾਂਟਾ ਤੋਂ ਲਗਪਗ 50 ਕਿਲੋਮੀਟਰ ਉੱਤਰ ’ਚ ਏਕਵਰਥ ਸ਼ਹਿਰ ਦੇ ਇੱਕ ਮਸਾਜ ਪਾਰਲਰ ’ਚ ਪੰਜ ਵਿਅਕਤੀਆਂ ਨੂੰ ਗੋਲੀ ਲੱਗਣ ਦੀ ਖ਼ਬਰ ਮਿਲੀ ਸੀ।