ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਅੱਜ ਪੈਣਗੀਆਂ। ਇਸ ਵਾਰ ਹਿਲੇਰੀ ਕਲਿੰਟਨ ਅਤੇ ਡੋਨਲਡ ਟਰੰਪ ਵਿਚਾਲੇ ਫਸਵੀਂ ਟੱਕਰ ਦੇਖਣ ਨੂੰ ਮਿਲ ਰਹੀ ਹੈ। ਦੋਵੇਂ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਚੋਣ ਪ੍ਰਚਾਰ ਦੌਰਾਨ ਪੂਰੀ ਕੋਸ਼ਿਸ਼ ਕੀਤੀ ਗਈ।
ਡੈਮੋਕਰੈਟਿਕ ਉਮੀਦਵਾਰ ਦਾ ਈਮੇਲ ਕਾਂਡ ਅਤੇ ਰਿਪਬਲਿਕਨ ਉਮੀਦਵਾਰ ਖ਼ਿਲਾਫ਼ ਯੌਨ ਸ਼ੋਸ਼ਣ ਦੇ ਦੋਸ਼ਾਂ ਵਰਗੇ ਵਿਵਾਦ ਵੀ ਇਸ ਚੋਣ ਦੌਰਾਨ ਛਾਏ ਰਹੇ। ਉਂਜ ਵੋਟਿੰਗ ਤੋਂ ਪਹਿਲਾਂ ਹਿਲੇਰੀ ਨੂੰ ਈ-ਮੇਲ ਲੀਕ ਮਾਮਲੇ ਵਿੱਚ ਐਫ ਬੀ ਆਈ ਨੇ ਕਲੀਨ ਚਿੱਟ ਦੇ ਦਿੱਤੀ ਹੈ। ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣਨ ਲਈ ਯਤਨ ਕਰ ਰਹੀ ਹਿਲੇਰੀ ਨੂੰ ਇਸ ਤਾਜ਼ਾ ਘਟਨਾਕ੍ਰਮ ਨਾਲ ਰਾਹਤ ਮਿਲੀ ਹੈ। ਰਾਸ਼ਟਰਪਤੀ ਦੇ ਅਹੁਦੇ ਲਈ ਵੋਟਿੰਗ ਭਾਰਤੀ ਸਮੇਂ ਅਨੁਸਾਰ ਸਵੇਰੇ 10.30 ਤੋਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਇਹ 9 ਨਵੰਬਰ ਤੱਕ ਜਾਰੀ ਰਹਿਣਗੀਆਂ। ਵੋਟਿੰਗ ਦੇ ਨਤੀਜੇ ਬੁੱਧਵਾਰ ਨੂੰ ਆਉਣਗੇ।
ਡੈਮੋਕਰੈਟਿਕ ਉਮੀਦਵਾਰ ਹਿਲੇਰੀ ਕਲਿੰਟਨ ਦੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤਣ ਦੇ 45 ਫ਼ੀਸਦੀ ਆਸਾਰ ਹਨ। ਇਹ ਖ਼ੁਲਾਸਾ ਵੈੱਬਸਾਈਟ ‘ਫਾਈਵਥਰਟੀਏਟ’ ਦੇ ਸਰਵੇਖਣ ਵਿੱਚ ਹੋਇਆ ਹੈ। ਇਸ ਸਰਵੇਖਣ ਮੁਤਾਬਕ ਹਿਲੇਰੀ ਦੇ ਰਾਸ਼ਟਰਪਤੀ ਬਣਨ ਦੇ 45.3 ਫ਼ੀਸਦੀ ਆਸਾਰ ਹਨ। ਪਿਛਲੇ ਕੁੱਝ ਦਿਨਾਂ ਤੋਂ ਡੈਮੋਕਰੈਟਿਕ ਉਮੀਦਵਾਰ ਦਾ ਡਿੱਗ ਰਿਹਾ ਚੋਣ ਗ੍ਰਾਫ਼ ਰੁਕ ਗਿਆ ਹੈ ਅਤੇ ਉਸ ਨੂੰ ਮਜ਼ਬੂਤ ਲੀਡ ਮਿਲ ਗਈ ਹੈ। ਗ੍ਰਾਫ ਡਿੱਗਣ ਦੇ ਬਾਵਜੂਦ ਉਹ ਟਰੰਪ ਤੋਂ ਅੱਗੇ ਹੈ, ਜਿਸ ਦੇ ਚੋਣ ਜਿੱਤਣ ਦੇ 41.6 ਫ਼ੀਸਦੀ ਮੌਕੇ ਹਨ।
ਨਿਊਯਾਰਕ ਵਿੱਚ ਅੱਜ ਸ਼ਾਮੀ 4.30 ਵਜੇ ਵੋਟਿੰਗ ਸ਼ੁਰੂ ਹੋਵੇਗੀ। ਇਸ ਤਰ੍ਹਾਂ ਫਲੋਰੀਡਾ ਵਿੱਚ ਸ਼ਾਮੀ ਪੰਜ ਵਜੇ ਵੋਟਿੰਗ ਹੋਵੇਗੀ। ਕੈਲੇਫੋਰਨੀਆ ਵਿੱਚ ਵੋਟਿੰਗ ਰਾਤੀ 8.30 ਵਜੇ ਸ਼ੁਰੂ ਹੋਵੇਗੀ।