ਨਵੀਂ ਦਿੱਲੀ: ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ 4-5 ਅਕਤੂਬਰ ਨੂੰ ਭਾਰਤ ਦੌਰੇ 'ਤੇ ਆਉਣਗੇ। ਰੂਸੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੋਦੀ ਨਾਲ ਸਾਲਾਨਾ ਦੋ ਪੱਖੀ ਸ਼ਿਖਰ ਵਾਰਤਾ ਲਈ ਭਾਰਤ ਆ ਰਹੇ ਹਨ। ਵਿਦੇਸ਼ ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਰੂਸੀ ਰਾਸ਼ਟਰਪਤੀ ਪੁਤਿਨ 19ਵੀਂ ਭਾਰਤ-ਰੂਸ ਦੋ ਪੱਖੀ ਸ਼ਿਖਰ ਵਾਰਤਾ ਲਈ ਅਧਿਕਾਰਤ ਦੌਰੇ 'ਤੇ ਆ ਰਹੇ ਹਨ।


ਵਿਦੇਸ਼ ਮੰਤਰਾਲੇ ਨੇ ਕਿਹਾ ਇਸ ਦੌਰੇ ਦੌਰਾਨ ਰਾਸ਼ਟਰਪਤੀ ਪੁਤਿਨ ਪ੍ਰਧਾਨ ਮੰਤਰੀ ਮੋਦੀ ਨਾਲ ਅਧਿਕਾਰਤ ਵਾਰਤਾ ਕਰਨਗੇ। ਇਸ ਤੋਂ ਇਲਾਵਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਵੀ ਮੁਲਾਕਾਤ ਕਰਨਗੇ। ਦੱਸ ਦੇਈਏ ਕਿ ਰੂਸ ਉਨ੍ਹਾਂ ਦੇਸ਼ਾਂ 'ਚ ਸ਼ਾਮਲ ਹੈ ਜਿਨ੍ਹਾਂ ਨਾਲ ਭਾਰਤ ਦੀ ਸਾਲਾਨਾ ਦੋ ਪੱਖੀ ਵਾਰਤਾ ਹੁੰਦੀ ਹੈ। ਇਸ ਤੋਂ ਇਲਾਵਾ ਦੂਜਾ ਦੇਸ਼ ਜਾਪਾਨ ਹੈ।


ਭਾਰਤ-ਰੂਸ ਦਰਮਿਆਨ ਦੋ ਪੱਖੀ ਸਬੰਧਾਂ ਨੂੰ 2010 'ਚ ਵਿਸ਼ੇਸ ਤੇ ਰਣਨੀਤਿਕ ਸਾਂਝੇਦਾਰੀ ਦੀ ਉੱਚਾਈ ਪ੍ਰਦਾਨ ਕੀਤੀ ਗਈ ਸੀ। ਇਸ ਮਹੀਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ 'ਭਾਰਤ-ਰੂਸ ਇੰਟਰ ਗਵਰਨਮੈਂਟਲ ਕਮਿਸ਼ਨ ਆਨ ਟੈਕਨੀਕਲ ਇਕੋਨੌਮਿਕ ਕੋ-ਆਪਰੇਸ਼ਨ' ਦੀ 23ਵੀਂ ਬੈਠਕ 'ਚ ਹਿੱਸਾ ਲੈਣ ਲਈ ਰੂਸ ਦੌਰੇ 'ਤੇ ਗਏ ਸਨ।