ਜਕਾਰਤਾ: ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਵਿੱਚ ਸ਼ੁੱਕਰਵਾਰ ਨੂੰ ਆਏ 7.5 ਦੀ ਤੀਬਰਤਾ ਵਾਲੇ ਜ਼ਬਰਦਸਤ ਭੂਚਾਲ ਤੋਂ ਬਾਅਦ ਉੱਠੀ ਸੁਨਾਮੀ ਨੇ ਦੇਸ਼ ਵਿੱਚ ਭਾਰੀ ਤਬਾਹੀ ਲਿਆਂਦੀ ਹੈ। ਸੁਨਾਮੀ ਕਾਰਨ ਹੁਣ ਤਕ 384 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਤੇ ਸੈਂਕੜੇ ਹੋਰ ਜ਼ਖ਼ਮੀ ਹੋ ਗਏ ਹਨ। ਭੂਚਾਲ ਕਾਰਨ ਕਈ ਇਮਾਰਤਾਂ ਢਹਿ ਗਈਆਂ ਤੇ ਕਾਫੀ ਲੋਕ ਬੇਘਰ ਹੋ ਗਏ। ਬੇਘਰ ਹੋਏ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਠਾਹਰ ਦਿੱਤੀ ਗਈ ਹੈ। ਭੂਚਾਲ ਤੇ ਸੁਨਾਮੀ ਕਾਰਨ ਬਿਜਲੀ ਤੇ ਸੰਚਾਰ ਸੇਵਾਵਾਂ ਠੱਪ ਹੋ ਗਈਆਂ ਹਨ।




ਇੰਡੋਨੇਸ਼ੀਆ ਦੀ ਆਫ਼ਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਸੁਤਪੋ ਪੁਰਵੋ ਨੁਗਰੋਹੂ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਸੁਨਾਮੀ ਕਾਰਨ ਮੌਤਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ। ਅਮਰੀਕੀ ਭੂਗਰਭ ਸਰਵੇਖਣ ਮੁਤਾਬਕ ਪਾਲੂ ਦੇ ਉੱਤਰ ਵਿੱਚ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਤਿੰਨ ਵਜੇ ਕੁਦਰਤੀ ਆਫ਼ਤ ਨੇ ਦਸਤਕ ਦਿੱਤੀ। ਨੁਗਰੋਹੂ ਨੇ ਦੱਸਿਆ ਕਿ ਸੁਨਾਮੀ ਦੀਆਂ ਲਹਿਰਾਂ ਤਿੰਨ-ਤਿੰਨ ਮੀਟਰ ਤਕ ਉੱਚੀਆਂ ਸਨ। ਭੂਚਾਲ ਤੇ ਸੁਨਾਮੀ ਤੋਂ ਬਾਅਦ ਪਾਲੂ ਦਾ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ।



ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਦੁਨੀਆ ਦੇ ਅਜਿਹੇ ਖੇਤਰਾਂ ਵਿੱਚੋਂ ਇੱਕ ਹੈ ਜਿੱਥੇ ਸਭ ਤੋਂ ਵੱਧ ਭੂਚਾਲ ਆਉਂਦੇ ਹਨ। ਇਸੇ ਸਾਲ ਦੀ ਸ਼ੁਰੂਆਤ ਵਿੱਚ ਆਏ ਭੂਚਾਲ ਵਿੱਚ ਵੀ 550 ਲੋਕਾਂ ਦੀ ਮੌਤ ਹੋ ਗਈ ਸੀ ਤੇ ਤਕਰੀਬਨ 1,500 ਜ਼ਖ਼ਮੀ ਹੋ ਗਏ ਸਨ। ਇਸ ਦੌਰਾਨ 4,00,000 ਲੋਕ ਬੇਘਰ ਹੋ ਗਏ ਸਨ।



ਸਾਲ 2004 ਵਿੱਚ ਦੇਸ਼ ਦੇ ਸੁਮਾਤਰਾ ਵਿੱਚ ਇੱਥੋਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਤੇ ਦੁਨੀਆ ਵਿੱਚ ਤੀਜਾ ਸਭ ਤੋਂ ਖ਼ਤਰਨਾਕ ਭੂਚਾਲ ਆਇਆ ਸੀ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 9.1 ਦਰਜ ਕੀਤੀ ਗਈ ਸੀ। ਇਸ ਦੌਰਾਨ 2,20,000 ਲੋਕਾਂ ਦੀ ਮੌਤ ਹੋ ਗਈ ਸੀ।