ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਅੰਦਾਜ਼ ਕਰਕੇ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ। ਹੁਣ ਉਨ੍ਹਾਂ ਦੀ ਮਸ਼ਹੂਰੀ ਦਾ ਸਬੱਬ ਉਨ੍ਹਾਂ ਦਾ ਹੀ ਇੱਕ ਬਿਆਨ ਬਣ ਗਿਆ, ਜੋ ਉਨ੍ਹਾਂ ਚੀਨ ਬਾਰੇ ਦਿੱਤਾ। ਟਰੰਪ ਦੇ ਇਸ ਬਿਆਨ ਦਾ ਸੋਸ਼ਲ ਮੀਡੀਆ 'ਤੇ ਕਾਫੀ ਮਜ਼ਾਕ ਉੱਡ ਰਿਹਾ ਹੈ।


ਅਮਰੀਕੀ ਰਾਸ਼ਟਰਪਤੀ ਨੇ ਬੀਤੇ ਦਿਨ ਕਿਹਾ ਹੈ ਕਿ ਚੀਨ ਉਨ੍ਹਾਂ ਤੇ ਉਨ੍ਹਾਂ ਦੇ ਵੱਡੇ, ਬਹੁਤ ਵੱਡੇ ਦਿਮਾਗ ਦਾ ਪ੍ਰਤੀ ਕਾਫੀ ਸਤਿਕਾਰ ਰੱਖਦਾ ਹੈ। ਉਨ੍ਹਾਂ ਇਹ ਗੱਲ ਨਿਊਯਾਰਕ ਵਿੱਚ ਅਮਰੀਕਾ-ਚੀਨ ਦੇ ਰਿਸ਼ਤਿਆਂ ਬਾਰੇ ਨਿਊਯਾਰਕ ਵਿੱਚ ਹੋਈ ਪ੍ਰੈੱਸ ਕਾਨਫ਼ਰੰਸ ਦੌਰਾਨ ਅਮਰੀਕਾ ਦੇ ਰੱਖਿਆ ਵਿਭਾਗ ਦੇ ਸਲਾਹਕਾਰ ਤੇ ਚੀਨੀ ਮਾਹਰ ਮਿਸ਼ੇਲ ਪਿਲਸਬੇਰੀ ਦਾ ਹਵਾਲਾ ਦੇ ਕੇ ਕਿਹਾ। ਇਸ ਸਮੇਂ ਚੀਨ ਤੇ ਅਮਰੀਕਾ ਦਰਮਿਆਨ ਕਾਰੋਬਾਰੀ ਜੰਗ ਚੱਲ ਰਹੀ ਹੈ। ਦੋਵੇਂ ਦੇਸ਼ਾਂ ਨੇ ਇੱਕ-ਦੂਜੇ ਦੀਆਂ ਵਸਤਾਂ ਉੱਪਰ ਟੈਕਸ ਲਾ ਕਾਫੀ ਬੋਝ ਪਾਇਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਟਰੰਪ ਨੇ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਦੋ ਸਾਲਾਂ ਦੇ ਕਾਰਜਕਾਲ ਵਿੱਚ ਅਮਰੀਕਾ ਨੇ ਪੁਰਾਣੀਆਂ ਸਰਕਾਰਾਂ ਨਾਲੋਂ ਵੱਧ ਵਿਕਾਸ ਕੀਤਾ ਹੈ। ਟਰੰਪ ਦੀ ਇਸ ਗੱਲ 'ਤੇ ਕੁਝ ਮੈਂਬਰਾਂ ਦਾ ਹਾਸਾ ਨਿੱਕਲ ਗਿਆ। ਇਸ ਤੋਂ ਬਾਅਦ ਟਰੰਪ ਨੇ ਕਿਹਾ ਕਿ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ, ਤਾਂ ਸਾਰੇ ਜਣੇ ਖੁੱਲ੍ਹ ਕੇ ਹੱਸ ਪਏ। ਫਿਰ ਮਜਬੂਰਨ ਟਰੰਪ ਨੂੰ ਵੀ ਹੱਸਣਾ ਪਿਆ।