ਚੰਡੀਗੜ੍ਹ: ਖ਼ਾਲਿਸਤਾਨ ਪੱਖੀ ਗਰੁੱਪ ਸਿੱਖ ਫ਼ਾਰ ਜਸਟਿਸ (ਐਸਐਫ਼ਜੇ) ਦੀ 'ਪੰਜਾਬ ਰੈਫ਼ਰੰਡਮ 2020' ਮੁਹਿੰਮ ਤਹਿਤ ਅਗਲਾ ਸਮਾਗਮ ਪਾਕਿਸਤਾਨ ਵਿੱਚ ਰੱਖਣ ਦੀ ਯੋਜਨਾ ਹੈ। ਇਹ ਸਮਾਗਮ ਅਗਲੇ ਸਾਲ ਕੀਤਾ ਜਾਵੇਗਾ ਤੇ ਐਸਐਫਜੇ ਇਸ ਨੂੰ ਪੂਰ ਚੜ੍ਹਾਉਣ ਲਈ ਲਗਾਤਾਰ ਐਲਾਨ ਕਰ ਰਿਹਾ ਹੈ। ਇਸ ਤੋਂ ਪਹਿਲਾਂ ਬੀਤੀ 12 ਅਗਸਤ ਨੂੰ ਐਸਐਫਜੇ ਨੇ ਯੂਕੇ ਦੇ ਟ੍ਰਾਫ਼ਲਗਰ ਸਕੁਏਅਰ ਵਿੱਚ ਇਸੇ ਤਰ੍ਹਾਂ ਦਾ ਸਮਾਗਮ ਕੀਤਾ ਸੀ।
ਐਸਐਫਜੇ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਵਿਖੇ ਪ੍ਰੋਗਰਾਮ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਨੂੰ ਸਮਰਪਿਤ ਹੋਵੇਗਾ, ਇਸੇ ਲਈ ਉਨ੍ਹਾਂ ਦੇ ਜਨਮ ਸਥਾਨ ਵਿਖੇ ਕਰਵਾਇਆ ਜਾਵੇਗਾ।
ਐਸਐਫਜੇ ਵੱਲੋਂ ਇਹ ਸਮਾਗਮ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਰੱਖੇ ਜਾਣ ਦੀ ਯੋਜਨਾ ਹੈ, ਉਸ ਸਮੇਂ ਦੁਨੀਆ ਦੀਆਂ ਵੱਖ-ਵੱਖ ਥਾਵਾਂ ਤੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਉੱਥੇ ਪਹੁੰਚੀ ਹੋਵੇਗੀ। ਪੰਨੂੰ ਨੇ ਦੱਸਿਆ ਕਿ ਉਹ ਸਮਾਂਬੱਧ ਤਰੀਕੇ ਨਾਲ ਪੂਰੀ ਯੋਜਨਾ ਉਲੀਕ ਰਹੇ ਹਨ ਤਾਂ ਜੋ ਉੱਥੇ ਪਹੁੰਚੀ ਸੰਗਤ ਨੂੰ ਇਸ ਗ਼ੈਰ ਪਾਬੰਦੀਸ਼ੁਦਾ ਰਾਇਸ਼ੁਮਾਰੀ ਵਿੱਚ ਸ਼ਾਮਲ ਹੋਣ ਤੋਂ ਲੈ ਕੇ ਵੋਟ ਪਾਉਣ ਤਕ ਦੀ ਪ੍ਰਕਿਰਿਆ ਬਾਰੇ ਤੇ ਇਹ ਰਾਇਸ਼ੁਮਾਰੀ ਕਦੋਂ ਤੇ ਕਿੱਥੇ ਹੋਵੇਗੀ ਆਦਿ ਬਾਰੇ ਦੱਸਿਆ ਜਾਵੇਗਾ।
ਪੰਨੂੰ ਨੇ ਇਹ ਵੀ ਦੱਸਿਆ ਕਿ ਉਹ ਨਨਕਾਣਾ ਸਾਹਿਬ ਵਿਖੇ 'ਟੀਮ ਰੈਫ਼ਰੰਡਮ 2020' ਲਈ ਵਾਲੰਟੀਅਰਾਂ ਦੀ ਰਜਿਸਟ੍ਰੇਸ਼ਨ ਵੀ ਕਰਨਗੇ। ਇਨ੍ਹਾਂ ਵਾਲੰਟੀਅਰਾਂ ਨੂੰ ਹਰ ਦੇਸ਼ ਵਿੱਚ ਵੋਟਿੰਗ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਵਾਉਣ ਦਾ ਜ਼ਿੰਮਾ ਸੌਂਪਿਆ ਜਾਵੇਗਾ। ਇਹ ਪੁੱਛਣ 'ਤੇ ਕਿ ਕੀ ਉੱਥੇ ਜਾਣ ਲਈ ਐਸਐਫਜੇ ਨੂੰ ਪਾਕਿਸਤਾਨ ਤੋਂ ਇਜਾਜ਼ਤ ਲੈਣੀ ਹੋਵੇਗੀ, ਪੰਨੂੰ ਨੇ ਕਿਹਾ ਕਿ ਉੱਥੇ ਜਾਣ ਲਈ ਪੂਰੀ ਦੁਨੀਆ ਵਿੱਚ ਵਸਦੇ ਸਿੱਖਾਂ ਨੂੰ ਕਿਸੇ ਆਗਿਆ ਦੀ ਲੋੜ ਨਹੀਂ ਹੋਵੇਗੀ। ਸਾਰਿਆਂ ਨੂੰ ਵੀਜ਼ਾ ਸੌਖਿਆਂ ਹੀ ਮਿਲ ਜਾਂਦਾ ਹੈ ਤੇ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਜੁੜ ਕੇ ਬੈਠ ਸਕਦੇ ਹਾਂ।
ਜ਼ਿਕਰਯੋਗ ਹੈ ਕਿ ਐਸਐਫਜੇ ਦੇ ਇਨ੍ਹਾਂ ਸਮਾਗਮਾਂ ਦਾ ਭਾਰਤ ਵੱਲੋਂ ਕਿਸੇ ਵੀ ਤਰ੍ਹਾਂ ਦਾ ਸਵਾਗਤ ਨਹੀਂ ਕੀਤਾ ਜਾਵੇਗਾ। ਯੂਕੇ ਦੇ ਸਮਾਗਮ ਨੂੰ ਰੱਦ ਕਰਵਾਉਣ ਲਈ ਭਾਰਤ ਨੇ ਉੱਥੋਂ ਦੀ ਸਰਕਾਰ 'ਤੇ ਦਬਾਅ ਪਾਇਆ ਸੀ ਤੇ ਇਨ੍ਹਾਂ ਦੀ ਰੈਲੀ ਦੇ ਬਰਾਬਰ ਇੱਕ ਪ੍ਰਦਰਸ਼ਨ ਵੀ ਕੀਤਾ ਸੀ। ਇਸ ਤੋਂ ਬਾਅਦ ਪੰਨੂੰ ਦੇ ਸੋਸ਼ਲ ਮੀਡੀਆ ਖਾਤੇ ਵੀ ਬੰਦ ਕਰ ਦਿੱਤੇ ਗਏ ਸਨ। ਭਾਰਤ ਵੱਲੋਂ ਪਹਿਲਾਂ ਹੀ ਇਲਜ਼ਾਮ ਲਾਇਆ ਜਾਂਦਾ ਹੈ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦੀ ਸ਼ਹਿ 'ਤੇ ਹੀ ਐਸਐਫਜੇ ਖਾਲਿਸਤਾਨ ਦਾ ਪ੍ਰਚਾਰ ਤੇ ਮੰਗ ਕਰ ਰਹੀ ਹੈ। ਹਾਲਾਂਕਿ, ਪੰਨੂੰ ਨੇ ਕਿਹਾ ਕਿ ਉਸ ਨੂੰ ਇਨ੍ਹਾਂ ਇਲਜ਼ਾਮਾਂ ਦੀ ਕੋਈ ਪ੍ਰਵਾਹ ਨਹੀਂ।