ਇਸਲਾਮਾਬਾਦ: ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੇ ਅੱਠ ਮੱਝਾਂ ਦੀ ਨਿਲਾਮੀ ਕਰਕੇ ਵੀਰਵਾਰ ਨੂੰ 23 ਲੱਖ ਰੁਪਏ ਇਕੱਠੇ ਕੀਤੇ ਹਨ। ਪੀਐਮ ਖ਼ਾਨ ਨੇ ਫ਼ਜ਼ੂਲਖ਼ਰਚੀ ਰੋਕਣ ਦੀ ਮੁਹਿੰਮ ਤਹਿਤ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲੋਂ ਪ੍ਰਧਾਨ ਮੰਤਰੀ ਆਵਾਸ ਵਿੱਚ ਰੱਖੀਆਂ 8 ਮੱਝਾਂ ਦੀ ਨਿਲਾਮੀ ਕੀਤੀ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਨਵੀਂ ਸਰਕਾਰ ਨੇ 61 ਲਗਜ਼ਰੀ ਕਾਰਾਂ ਵੇਚ ਕੇ 20 ਕਰੋੜ ਰੁਪਏ ਕਮਾਏ ਸੀ।
ਹੁਣ ਸਰਕਾਰ ਦੀ ਅਗਲੀ ਯੋਜਨਾ ਬੁਲਿਟਪਰੂਫ ਕਾਰਾਂ ਸਣੇ ਮੰਤਰੀ ਮੰਡਲ ਦੇ ਇਸਤੇਮਾਲ ਦੇ ਚਾਰ ਹੈਲੀਕਾਪਟਰ ਵੇਚਣ ਦੀ ਹੈ। ਪਾਕਿਸਤਾਨੀ ਅਖ਼ਬਾਰ ਡਾਅਨ ਮੁਤਾਬਕ ਪ੍ਰਧਾਨ ਮੰਤਰੀ ਆਵਾਸ ਦੀਆਂ ਤਿੰਨ ਮੱਝਾਂ ਤੇ ਪੰਜ ਵੱਛਿਆਂ ਦੀ ਇਸਲਾਮਾਬਾਦ ਵਿੱਚ ਹੋਈ ਨਿਲਾਮੀ ਤੋਂ ਕੁੱਲ 23,02,000 ਪਾਕਿਸਤਾਨੀ ਰੁਪਏ ਕਮਾਏ ਗਏ ਹਨ। ਇਨ੍ਹਾਂ ਸਾਰਿਆਂ ਪਸ਼ੂਆਂ ਨੂੰ ਨਵਾਜ਼ ਸ਼ਰੀਫ ਦੇ ਸਮਰਥਕਾਂ ਨੇ ਖਰੀਦਿਆ ਹੈ।
ਸ਼ਰੀਫ ਦੇ ਸਮਰਥਕ ਕਾਲਬ ਅਲੀ ਨੇ ਇੱਕ ਮੱਝ 3,85,000 ਰੁਪਏ ਵਿੱਚ ਖਰੀਦੀ। ਉਸ ਨੇ ਕਿਹਾ ਕਿ ਉਸ ਨੇ ਇਸ ਮੱਝ ਨਾਲ ਭਾਵਨਾਤਮਕ ਸਾਂਝ ਹੋਣ ਹੋਣ ਕਰਕੇ 1,20,000 ਤੋਂ ਤਿੰਨ ਗੁਣਾ ਜ਼ਿਆਦਾ ਕੀਮਤ ਦੀ ਬੋਲੀ ਲਾ ਕੇ ਖਰੀਦਿਆ ਹੈ। ਉਸ ਨੇ ਕਿਹਾ ਕਿ ਉਹ ਇਸ ਮੱਝ ਨੂੰ ਨਵਾਜ਼ ਸ਼ਰੀਫ ਤੇ ਭੈਣ ਮਰੀਅਮ ਦੇ ਪ੍ਰਤੀਕ ਵਜੋਂ ਰੱਖੇਗਾ।
ਪਾਕਿਸਤਾਨੀ ਸਰਕਾਰ ਤੇ ਕਰਜ਼ ਤੇ ਦੇਣਦਾਰੀਆਂ ਦਾ ਭਾਰੀ ਬੋਝ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੀ ਕੁੱਲ ਕਰਜ਼ ਵਧ ਤੇ ਪਿਛਲੇ ਵਿੱਤੀ ਸਾਲ ਦੇ ਅਖ਼ੀਰ ਤਕ ਕਰੀਬ 30 ਹਜ਼ਾਰ ਅਰਬ ਰੁਪਏ ’ਤੇ ਪਹੁੰਚ ਗਿਆ ਹੈ। ਇਹ ਪਾਕਿਸਤਾਨ ਦੇ ਘਰੇਲੂ ਉਤਪਾਤ (GDP) ਦਾ 87 ਫੀਸਦੀ ਹੈ। ਇਸੇ ਲਈ ਪਾਕਿਸਤਾਨੀ ਸਰਕਾਰ ਹੁਣ ਫ਼ਜ਼ੂਲ ਖ਼ਰਚੀ ਰੋਕਣ ਅਤੇ ਨਾ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਵੇਚ ਕੇ ਪੈਸੇ ਜੁਟਾਉਣ ’ਤੇ ਜ਼ੋਰ ਦੇ ਰਹੀ ਹੈ।