ਵਾਸ਼ਿੰਗਟਨ: ਦੋ ਤਾਕਤਵਰ ਮਹਿਲਾ ਸੈਨੇਟਰਾਂ ਨੇ ਟਰੰਪ ਪ੍ਰਸ਼ਾਸਨ ਨੂੰ ਐਚ-4 ਵੀਜ਼ਾ ਬੰਦ ਕਰਨ ਦੀ ਤਜਵੀਜ਼ ਰੱਦ ਕਰਨ ਦੀ ਅਪੀਲ ਕੀਤੀ ਹੈ। ਸੈਨੇਟਰਾਂ ਨੇ ਤਰਕ ਦਿੱਤਾ ਕਿ ਜੇਕਰ ਪ੍ਰਸ਼ਾਸਨ ਅਜਿਹਾ ਕਰਦਾ ਹੈ ਤਾਂ ਇਹ ਤਕਰੀਬਨ 1,00,000 ਭਾਰਤੀ ਮੂਲ ਦੀਆਂ ਔਰਤਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ।
ਕੈਲੇਫ਼ੋਰਨੀਆ ਦੀ ਸੈਨੇਟਰ ਕਮਲਾ ਹੈਰਿਸ ਤੇ ਨਿਊਯਾਰਕ ਦੀ ਸੈਨੇਟਰ ਕ੍ਰਿਸਟੇਨ ਗਿੱਲੀਬ੍ਰੈਂਡ ਨੇ ਗ੍ਰਹਿ ਸੁਰੱਖਿਆ ਸਕੱਤਰ ਕਿਰਸਜੇਨ ਨੀਲਸਨ ਤੇ ਅਮਰੀਕੀ ਨਾਗਰਿਕਤਾ ਤੇ ਪ੍ਰਵਾਸ ਸੇਵਾਵਾਂ (ਯੂਐਸਸੀਆਈਐਸ) ਦੇ ਨਿਰਦੇਸ਼ਕ ਐਲ ਐਲ ਫ੍ਰਾਂਸਿਸ ਕਿਸਨਾ ਨੂੰ ਇਸ ਮਾਮਲੇ ਸਬੰਧੀ ਪੱਤਰ ਲਿਖਿਆ ਹੈ। ਦੋਵਾਂ ਸੈਨੇਟਰਾਂ ਨੇ ਲਿਖਿਆ ਹੈ ਕਿ ਜੇਕਰ ਟਰੰਪ ਪ੍ਰਸ਼ਾਸਨ ਆਪਣੀ ਐਚ-1ਬੀ ਵੀਜ਼ਾ ਨੀਤੀ ਨੂੰ ਬਦਲਣ ਲਈ ਇਸ ਐਚ-4 ਵੀਜ਼ਾ ਨੂੰ ਖ਼ਤਮ ਕਰ ਰਹੇ ਹਨ ਤਾਂ ਇਸ ਨਾਲ ਬਹੁਗਿਣਤੀ ਵਿੱਚ ਭਾਰਤੀ ਔਰਤਾਂ ਦੇ ਪ੍ਰੋਫ਼ੈਸ਼ਨਲ ਕਰੀਅਰ ਵਿੱਚ ਖੜੋਤ ਆ ਜਾਵੇਗੀ।
ਉਨ੍ਹਾਂ ਨੇ ਵੀਜ਼ਾ ਰੱਦ ਕਰਨ ਤੋਂ ਬਾਅਦ ਔਰਤਾਂ ਉੱਪਰ ਪੈਣ ਵਾਲੇ ਸਰੀਰਕ ਤੇ ਮਾਨਸਿਕ ਨਕਾਰਾਤਮਕ ਪ੍ਰਭਾਵਾਂ ਦਾ ਹਵਾਲਾ ਵੀ ਦਿੱਤਾ। ਦੋਵਾਂ ਨੇ ਆਪਣੇ ਪੱਤਰ ਵਿੱਚ ਆਜ਼ਾਦੀ, ਬਰਾਬਰਤਾ ਤੇ ਸਭ ਲਈ ਇੱਕੋ ਜਿਹੇ ਮੌਕੇ ਦੇਣ ਵਾਲੀਆਂ ਅਮਰੀਕੀ ਕਦਰਾਂ ਕੀਮਤਾਂ ਦਾ ਵਾਸਤਾ ਵੀ ਪਾਇਆ। ਜ਼ਿਕਰਯੋਗ ਹੈ ਕਿ ਐਚ-1ਬੀ ਵੀਜ਼ਾ ਹਾਸਲ ਕਰ ਅਮਰੀਕਾ ਆਏ ਪ੍ਰਵਾਸੀਆਂ ਦੇ ਪਤੀ ਜਾਂ ਪਤਨੀ ਐਚ-4 ਵੀਜ਼ਾ ਲੈ ਕੇ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਕੰਮ ਕਰ ਸਕਦੇ ਹਨ। ਐਚ-1ਬੀ ਵੀਜ਼ਾ ਭਾਰਤੀ ਮੂਲ ਦੇ ਆਈਟੀ ਮਾਹਰਾਂ ਵਿੱਚ ਵਧੇਰੇ ਪ੍ਰਚਲਿਤ ਹੈ।
ਸਾਲ 2017 ਦੇ ਅੰਕੜਿਆਂ ਮੁਤਾਬਕ ਐਚ-4 ਵੀਜ਼ਾ ਹਾਸਲ ਕਰਨ ਵਾਲੇ ਐਚ-1ਬੀ ਵੀਜ਼ਾ ਧਾਰਕਾਂ ਦੇ ਪਤੀ ਜਾਂ ਪਤਨੀਆਂ ਵਿੱਚੋਂ 94 ਫ਼ੀਸਦੀ ਔਰਤਾਂ ਹਨ ਤੇ ਉਨ੍ਹਾਂ ਵਿੱਚੋਂ 93 ਫ਼ੀਸਦੀ ਭਾਰਤੀ ਹਨ। ਟਰੰਪ ਸਰਕਾਰ ਮੂਲ ਅਮਰੀਕੀਆਂ ਲਈ ਨੌਕਰੀ ਦੇ ਵਧੇਰੇ ਮੌਕੇ ਪੈਦਾ ਕਰਨ ਲਈ ਇਸ ਵਰਕ ਵੀਜ਼ਾ ਨੂੰ ਰੱਦ ਕਰਨ ਜਾ ਰਹੀ ਹੈ।