ਨਿਊਯਾਰਕ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਉਦਘਾਟਨ ਸੈਸ਼ਨ 'ਚ ਆਪਣੀਆਂ ਹੀ ਤਾਰੀਫਾਂ ਦੇ ਪੁਲ ਬੰਨ੍ਹਦੇ ਦਿਖਾਈ ਦਿੱਤੇ। ਇਸ ਦੌਰਾਨ ਟਰੰਪ ਬਿਨਾਂ ਰੁਕੇ ਆਪਣੇ ਬਾਰੇ ਹੀ ਬੋਲੀ ਜਾ ਰਹੇ ਸਨ। ਟਰੰਪ ਨੇ ਆਪਣੇ ਵੱਲੋਂ ਕੀਤੇ ਵਿਕਾਸ ਦੀ ਸਿਫਤ ਕਰਦਿਆਂ ਕਿਹਾ ਕਿ ਮੇਰੇ ਸ਼ਾਸਨਕਾਲ 'ਚ ਉਹ ਚੀਜ਼ਾਂ ਕੀਤੀਆਂ ਗਈਆਂ ਜੋ ਅਮਰੀਕਾ ਦੇ ਇਤਿਹਾਸ 'ਚ ਪਹਿਲਾਂ ਕਦੇ ਨਹੀਂ ਕੀਤੀਆਂ ਗਈਆਂ।


ਟਰੰਪ ਦੀਆਂ ਇਨ੍ਹਾਂ ਗੱਲਾਂ ਤੋਂ ਬਾਅਦ ਹਾਲ ਠਹਾਕਿਆਂ ਨਾਲ ਗੂੰਜ ਉੱਠਿਆ ਜਿਸ ਤੋਂ ਬਾਅਦ ਟਰੰਪ ਨੇ ਝਕਦਿਆਂ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਪ੍ਰਤੀਕਿਰਿਆ ਦੀ ਉਮੀਦ ਨਹੀਂ ਸੀ। ਹਾਲਾਂਕਿ ਟਰੰਪ ਨੇ ਇਸ 'ਤੇ ਸਫਾਈ ਦਿੰਦਿਆਂ ਕਿਹਾ ਕਿ ਮਹਾਂਸਭਾ ਦੌਰਾਨ ਤਮਾਮ ਦੇਸ਼ਾਂ ਦੇ ਨੁਮਾਇੰਦਿਆਂ ਦਾ ਜੋ ਹਾਸਾ ਪੂਰੀ ਦੁਨੀਆਂ ਨੇ ਸੁਣਿਆ, ਉਹ ਉਨ੍ਹਾਂ ਲਈ ਨਹੀਂ ਸੀ।





ਟਰੰਪ ਨੇ ਕਿਹਾ ਕਿ ਸਾਰੇ ਲੋਕ ਉਨ੍ਹਾਂ 'ਤੇ ਨਹੀਂ ਸਗੋਂ ਉਨ੍ਹਾਂ ਨਾਲ ਹੱਸੇ ਸਨ। ਟਰੰਪ ਨੇ ਵੱਖ-ਵੱਖ ਦੇਸ਼ਾਂ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ 'ਤੇ ਹੱਸਣ ਦੀ ਖ਼ਬਰ ਨੂੰ ਝੂਠਾ ਦੱਸਿਆ।