ਲੰਡਨ: ਇੱਕ ਬ੍ਰਿਟਿਸ਼ ਸਿੱਖ ਮਹਿਲਾ ਨੂੰ ਬ੍ਰਿਟੇਨ ਦੀ ਅਦਾਲਤ ਨੇ ਦੋ ਸਾਲ ਦੀ ਸਜ਼ਾ ਸੁਣਾਈ ਹੈ। ਮਹਿਲਾ 'ਤੇ ਦੋਸ਼ ਸਨ ਕਿ ਉਸ ਨੇ ਆਪਣੇ ਸਾਬਕਾ ਹਿੰਦੂ ਪ੍ਰੇਮੀ ਤੇ ਉਸ ਦੇ ਪਰਿਵਾਰ ਨੂੰ ਪ੍ਰੇਸ਼ਾਨ ਕਰਨ ਲਈ ਨਸਲੀ ਟਿੱਪਣੀਆਂ ਕੀਤੀਆਂ ਤੇ ਗਊ ਮਾਸ ਪੈਕ ਕਰਕੇ ਉਨ੍ਹਾਂ ਦੇ ਦਰਵਾਜ਼ੇ 'ਤੇ ਰੱਖ ਦਿੱਤਾ। ਪੀੜਤ ਪਰਿਵਾਰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਬਦਲੇ ਸੁਣਵਾਈ 'ਚ ਮਹਿਲਾ ਖਿਲਾਫ ਲਾਏ ਦੋਸ਼ ਸਹੀ ਸਾਬਤ ਹੋਏ।


ਦੱਖਣ ਪੱਛਮੀ ਇੰਗਲੈਂਡ ਦੀ ਸਵਿਨਡਾਨ ਕ੍ਰਾਊਨ ਦੀ ਅਦਾਲਤ ਨੇ ਮੰਗਲਵਾਰ ਨੂੰ ਅਮਨਦੀਪ ਮਠਾੜੂ ਨੂੰ ਦੋਸ਼ੀ ਠਹਿਰਾਉਂਦਿਆਂ ਦੋ ਸਾਲ ਦੀ ਸਜ਼ਾ ਸੁਣਾਈ ਗਈ। ਸੁਣਵਾਈ ਦੌਰਾਨ ਜਸਟਿਸ ਰੌਬਰਟ ਪਾਵਸੋਨ ਨੇ ਅਮਨਦੀਪ ਨੂੰ ਕਿਹਾ ਕਿ ਧਾਰਮਿਕ ਪਿੱਠਭੂਮੀ ਦੇ ਆਧਾਰ 'ਤੇ ਲੋਕ ਆਮ ਤੌਰ 'ਤੇ ਆਪਣੇ ਜਿਹੇ ਲੋਕਾਂ ਦੀ ਤਲਾਸ਼ ਕਰਦੇ ਹਨ। ਭਾਵੇਂ ਉਹ ਰੱਬ 'ਚ ਸ਼ਰਧਾ ਦੀ ਗੱਲ ਹੋਵੇ ਜਾਂ ਮਨੁੱਖੀ ਵਿਵਹਾਰ ਦੀ ਪਰ ਤੁਹਾਡੇ ਮਾਮਲੇ 'ਚ ਅਜਿਹੀ ਗੱਲ ਨਜ਼ਰ ਨਹੀਂ ਆਈ। ਤੁਹਾਡਾ ਵਿਵਹਾਰ ਭੜਕਾਉਣ ਤੇ ਡਰਾਉਣ ਵਾਲਾ ਸੀ।


ਅਦਾਲਤ 'ਚ ਦੱਸਿਆ ਗਿਆ ਕਿ ਅਮਨਦੀਪ ਨੇ ਆਪਣੇ ਸਾਬਕਾ ਪ੍ਰੇਮੀ ਦੇ ਪਰਿਵਾਰ 'ਤੇ ਲਗਾਤਾਰ ਹਮਲੇ ਕੀਤੇ, ਇਤਰਾਜ਼ਯੋਗ ਸ਼ਬਦਾਵਲੀ ਬੋਲੀ, ਫੋਨ 'ਤੇ ਧਮਕੀਆਂ ਦਿੱਤੀਆਂ ਤੇ ਸੋਸ਼ਲ ਮੀਡੀਆ ਜ਼ਰੀਏ ਹਮਲਾ ਕੀਤਾ। ਅਦਾਲਤ ਨੇ ਦੱਸਿਆ ਕਿ 26 ਸਾਲਾ ਮਹਿਲਾ ਦਾ ਵਿਅਕਤੀ ਨਾਲ 2012 'ਚ ਕੁਝ ਹਫਤੇ ਸਬੰਧ ਰਿਹਾ ਜਿਸ ਦੌਰਾਨ ਦੋਵਾਂ ਦਰਮਿਆਨ ਬਹੁਤ ਜ਼ਿਆਦਾ ਨਜ਼ਦੀਕੀਆਂ ਨਹੀਂ ਰਹੀਆਂ।





ਸਥਾਨਕ ਦੈਨਿਕ 'ਸਵਿਨਡਾਨ ਐਡਵਟਾਇਜ਼ਰ' 'ਚ ਛਪੀ ਖ਼ਬਰ ਮੁਤਾਬਕ ਸੰਸਕ੍ਰਿਤਕ ਵਖਰੇਵੇਂ ਦੇ ਚੱਲਦਿਆਂ ਇਹ ਅਫੇਅਰ ਸਮਾਪਤ ਹੋ ਗਿਆ। ਇਸ ਤੋਂ ਬਾਅਦ ਅਮਨਦੀਪ ਤੇ ਉਸ ਦੇ ਪਰਿਵਾਰ ਨੇ ਪੀੜਤ ਨੌਜਵਾਨ ਦੀਆਂ ਭੈਣਾਂ ਤੇ ਮਾਂ ਦੇ ਬਲਾਤਕਾਰ ਤੋਂ ਇਲਾਵਾ ਉਨ੍ਹਾਂ ਦਾ ਘਰ ਤੇ ਗੱਡੀਆਂ ਸਾੜਨ ਦੀਆਂ ਧਮਕੀਆਂ ਦਿੱਤੀਆਂ।


ਅਮਨਦੀਪ ਨੇ ਆਪਣੇ 30 ਸਾਲਾ ਦੋਸਤ ਸੰਦੀਪ ਡੋਗਰਾ ਦੀ ਮਦਦ ਨਾਲ ਪੀੜਤ ਪਰਿਵਾਰ 'ਤੇ ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਸਿੱਧੇ ਹਮਲੇ ਕੀਤੇ ਤੇ ਉਨ੍ਹਾਂ ਦੇ ਘਰ ਦੇ ਦਰਵਾਜ਼ੇ 'ਤੇ ਗਊਮਾਸ ਦਾ ਪਾਰਸਲ ਰੱਖ ਦਿੱਤਾ ਜਿਸ ਤੋਂ ਉਹ ਕਾਫੀ ਪ੍ਰੇਸ਼ਾਨ ਹੋਏ।