ਨਵੀਂ ਦਿੱਲੀ: ਭਾਰਤ-ਪਾਕਸਿਤਾਨ ਦੇ ਰਿਸ਼ਤਿਆਂ ਦਰਮਿਆਨ ਆਈ ਤਲਖੀ ਦਾ ਅਸਰ ਸੰਯੁਕਤ ਰਾਸ਼ਟਰ 'ਚ ਸਾਰਕ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਵੀ ਦੇਖਣ ਨੂੰ ਮਿਲਿਆ। ਵੈਸਿਟਨ ਹੋਟਲ 'ਚ ਹੋਈ ਬੈਠਕ 'ਚ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੂਰੇਸ਼ੀ ਵੀ ਮੌਜੂਦ ਸਨ ਪਰ ਦੋਵਾਂ ਦਰਮਿਆਨ ਕੋਈ ਦੁਆ ਸਲਾਮ ਨਹੀਂ ਹੋਈ। ਬੈਠਕ 'ਚ ਆਪਣੀ ਗੱਲ ਰੱਖਣ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਾਕਿਸਤਾਨੀ ਵਿਦੇਸ਼ ਮੰਤਰੀ ਦੇ ਭਾਸ਼ਣ ਤੋਂ ਪਹਿਲਾਂ ਹੀ ਰਵਾਨਾ ਹੋ ਗਈ।
ਸੁਸ਼ਮਾ ਸਵਰਾਜ ਦੇ ਜਾਣ ਤੋਂ ਬੌਖਲਾਏ ਪਾਕਿ ਵਿਦੇਸ਼ ਮੰਤਰੀ:
ਬੈਠਕ ਤੋਂ ਬਾਅਦ ਸ਼ਾਹ ਮਹਿਮੂਦ ਕੁਰੈਸ਼ੀ ਸੁਸ਼ਮਾ ਦੇ ਜਾਣ ਤੋਂ ਨਰਾਜ਼ ਦਿਖਾਈ ਦਿੱਤੇ। ਸੁਸ਼ਮਾ ਦੇ ਜਾਣ 'ਤੇ ਕੁਰੈਸ਼ੀ ਨੇ ਕਿਹਾ ਕਿ ਮੈਂ ਉਨ੍ਹਾਂ ਦਾ ਬਿਆਨ ਸੁਣਿਆ, ਉਨ੍ਹਾਂ ਖੇਤਰੀ ਸਹਿਯੋਗ ਦੀ ਗੱਲ ਕੀਤੀ। ਖੇਤਰੀ ਸਹਿਯੋਗ ਕਿਸ ਤਰ੍ਹਾਂ ਸੰਭਵ ਹੈ, ਜਦੋਂ ਹਰ ਕੋਈ ਬੈਠ ਕੇ ਇਕ ਦੂਜੇ ਦੀ ਗੱਲ ਸੁਣ ਰਿਹਾ ਹੈ ਤੇ ਤੁਸੀਂ ਉਸਨੂੰ ਬਲੌਕ ਕਰ ਰਹੇ ਹੋ। ਇਹ ਨਹੀਂ ਪਤਾ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ ਜਾਂ ਕੀ ਵਜ੍ਹਾ ਸੀ, ਮੈਂ ਉਨ੍ਹਾਂ ਦਾ ਭਾਸ਼ਣ ਪੂਰੇ ਗੌਰ ਨਾਲ ਸੁਣਿਆ ਜਦਕਿ ਉਹ ਮੇਰੀ ਗੱਲ ਸੁਣਨ ਲਈ ਵੀ ਨਹੀਂ ਰੁਕੇ।
ਸੁਸ਼ਮਾ ਨੇ ਕੀਤੀ ਅੱਤਵਾਦ ਦੇ ਮੁੱਦੇ 'ਤੇ ਗੱਲ:
ਨਿਊਯਾਰਕ 'ਚ ਸਾਰਕ ਬੈਠਕ 'ਚ ਸੁਸ਼ਮਾ ਸਵਰਾਜ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਖੇਤਰ ਦੇ ਆਰਥਿਕ ਵਿਕਾਸ, ਸੁਰੱਖਿਆ ਤੇ ਸਮ੍ਰਿਧੀ ਲਈ ਸ਼ਾਂਤੀ ਜ਼ਰੂਰੀ ਹੈ, ਅੱਤਵਾਦ ਦੱਖਣੀ ਏਸ਼ੀਆਈ ਖੇਤਰ ਤੇ ਵਿਸ਼ਵ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਬਿਨਾਂ ਕਿਸੇ ਭੇਦਭਾਵ ਅੱਤਵਾਦ ਨੂੰ ਹਰ ਪੱਧਰ 'ਤੇ ਖਤਮ ਕਰਨਾ ਹੋਵੇਗਾ ਤੇ ਇਸਨੂੰ ਸਮਰਥਨ ਦੇਣ ਵਾਲੀਆਂ ਤਾਕਤਾਂ ਨੂੰ ਵੀ ਨਸ਼ਟ ਕਰਨਾ ਹੋਵੇਗਾ।
ਨਿਊਯਾਰਕ 'ਚ ਸਾਰਕ ਦੇਸ਼ਾਂ ਦੀ ਬੈਠਕ 'ਚ ਤਵੱਜੋਂ ਨਾ ਮਿਲਣ 'ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਨੇ ਦੋਸ਼ ਲਾਇਆ ਕਿ ਭਾਰਤ ਸਾਰਕ ਦੀ ਰਾਹ 'ਚ ਸਭ ਤੋਂ ਵੱਡੀ ਅੜਚਨ ਹੈ। ਅੱਤਵਾਦ 'ਤੇ ਏਬੀਪੀ ਨਿਊਜ਼ ਦੇ ਸਵਾਲ ਦੇ ਜਵਾਬ 'ਚ ਕੁਰੈਸ਼ੀ ਨੇ ਕਿਹਾ ਕਿ ਭਾਰਤ ਅਜਿਹਾ ਦੋਸ਼ ਲਾ ਰਿਹਾ ਹੈ, ਪਰ ਠੀਕ ਮਾਹੌਲ ਕੀ ਹੁੰਦਾ ਹੈ ਇਹ ਕੌਣ ਤੈਅ ਕਰੇਗਾ।