Georgia Parliament : ਸੰਸਦ 'ਚ ਹੰਗਾਮਾ, ਮੈਂਬਰਾਂ ਵਿਚਾਲੇ ਬਹਿਸ, ਤਣਾਅ, ਇਕ-ਦੂਜੇ ਦਾ ਵਿਰੋਧ, ਕਾਗਜ਼ ਸੁੱਟਣਾ ਤੁਸੀਂ ਕਈ ਵਾਰ ਦੇਖਿਆ ਹੋਵੇਗਾ। ਪਰ ਜਾਰਜੀਆ ਦੀ ਸੰਸਦ ਵਿੱਚ ਜੋ ਹੋਇਆ ਹੈ ਉਹ ਬੇਹੱਦ ਸ਼ਰਮਨਾਕ ਹੈ। ਸੰਸਦ 'ਚ ਇਕ ਵਿਵਾਦਤ ਬਿੱਲ ਨੂੰ ਲੈ ਕੇ ਸੰਸਦ ਮੈਂਬਰਾਂ ਵਿਚਾਲੇ ਜ਼ਬਰਦਸਤ ਹੰਗਾਮਾ ਹੋਇਆ। ਵਿਰੋਧੀ ਧਿਰ ਦੇ ਸੰਸਦ ਮੈਂਬਰ ਵੱਲੋਂ ਸੱਤਾਧਾਰੀ ਪਾਰਟੀ ਦੇ ਆਗੂ ਦੇ ਮੂੰਹ 'ਤੇ ਮੁੱਕਾ ਮਾਰਨ ਤੋਂ ਬਾਅਦ ਸਥਿਤੀ ਹੋਰ ਵਿਗੜ ਗਈ। ਸੰਸਦ 'ਚ ਜ਼ਬਰਦਸਤ ਲੜਾਈ ਹੋਈ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ।



ਬਿੱਲ ਦੇ ਵਿਰੋਧ 'ਚ ਹੰਗਾਮਾ 
ਜਦੋਂ ਜਾਰਜੀਆ ਦੀ ਪਾਰਲੀਮੈਂਟ ਵਿੱਚ ਇਹ ਹਾਈ ਵੋਲਟੇਜ ਡਰਾਮਾ ਹੋਇਆ ਤਾਂ ਵਿਦੇਸ਼ੀ ਏਜੰਟ ਬਿੱਲ 'ਤੇ ਬਹਿਸ ਹੋ ਰਹੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਵਿਦੇਸ਼ੀ ਏਜੰਟ ਬਿੱਲ ਨੂੰ ਲੈ ਕੇ ਦੇਸ਼ 'ਚ ਗੁੱਸਾ ਦੋਖਣ ਨੂੰ ਮਿਲ ਰਿਹਾ ਹੈ। ਦੇਸ਼ ਵਿੱਚ ਇਸ ਬਿੱਲ ਖ਼ਿਲਾਫ਼ ਲੋਕਾਂ ਨੇ ਅੰਦੋਲਨ ਵੀ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਰੂਸ ਤੋਂ ਪ੍ਰੇਰਿਤ ਬਿੱਲ ਕਿਹਾ ਜਾ ਰਿਹਾ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸ  ਬਿੱਲ ਕਾਰਨ ਜਾਰਜੀਆ ਦੀ ਪ੍ਰਭੂਸੱਤਾ ਨੂੰ ਖਤਰਾ ਹੈ।


ਮਾਰ- ਕੁਟਾਈ ਦਾ ਵੀਡਿਓ ਵਾਇਰਲ 
ਸੱਤਾਧਾਰੀ ਜਾਰਜੀਅਨ ਡਰੀਮ ਪਾਰਟੀ ਦੇ ਸੰਸਦੀ ਧੜੇ ਦੇ ਨੇਤਾ ਮਾਮੁਕਾ ਮਦੀਨਾਰਦਜ਼ੇ, ਵਿਧਾਨ ਸਭਾ ਦੇ ਸਾਹਮਣੇ ਬੋਲ ਰਹੇ ਸਨ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਸੰਸਦ ਮੈਂਬਰ ਅਲੇਕੋ ਇਲਿਆਸ਼ਵਿਲੀ ਆਪਣੀ ਸੀਟ ਤੋਂ ਉੱਠੇ ਅਤੇ ਮਾਮੁਕਾ ਦੇ ਮੂੰਹ 'ਤੇ ਮੁੱਕਾ ਮਾਰਿਆ। ਇਹ ਦੇਖ ਕੇ ਕਈ ਸੰਸਦ ਮੈਂਬਰਾਂ ਨੇ ਦੌੜ ਕੇ ਮਾਮੂਕਾ ਨੂੰ ਬਚਾਇਆ। ਇਸ ਦੇ ਨਾਲ ਹੀ ਸੱਤਾਧਾਰੀ ਪਾਰਟੀ ਦੇ ਕਈ ਆਗੂਆਂ ਨੇ ਅਲੇਕੋ ਦੀ ਕੁੱਟਮਾਰ ਕੀਤੀ।


ਇਹ ਵੀ ਧਿਆਨ ਦੇਣ ਯੋਗ ਹੈ ਕਿ ਦੇਸ਼ ਵਿੱਚ ਇਸ ਕਾਨੂੰਨ ਨੂੰ ਪਹਿਲਾਂ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਭਾਰੀ ਵਿਰੋਧ ਕਾਰਨ ਇਸ ਨੂੰ ਮੁਲਤਵੀ ਕਰਨਾ ਪਿਆ। ਜਾਰਜੀਆ ਰੂਸ ਦੀ ਸਰਹੱਦ ਨਾਲ ਲੱਗਦਾ ਇੱਕ ਦੇਸ਼ ਹੈ। ਮੰਨਿਆ ਜਾ ਰਿਹਾ ਹੈ ਕਿ ਮੌਜੂਦਾ ਸਰਕਾਰ ਰੂਸ ਦੇ ਪੱਖ 'ਚ ਹੈ। ਨਵਾਂ ਬਿੱਲ ਯੂਰਪੀਅਨ ਯੂਨੀਅਨ ਅਤੇ ਸੰਯੁਕਤ ਰਾਜ ਨਾਲ ਜਾਰਜੀਆ ਦੇ ਸਬੰਧਾਂ ਵਿੱਚ ਖਟਾਸ ਪੈਦਾ ਕਰ ਸਕਦਾ ਹੈ ਅਤੇ ਇਸ ਦਾ ਨੁਕਸਾਨ ਵੀ ਉਸ ਨੂੰ ਭੁਗਤਣਾ ਪੈ ਸਕਦਾ ਹੈ।