ਲੰਦਨ: ਭਾਰਤ ਦੇ ਵੱਖ-ਵੱਖ ਬੈਂਕਾਂ ਦੇ 6 ਹਜ਼ਾਰ ਕਰੋੜ ਤੋਂ ਵੀ ਵੱਧ ਦਾ ਕਰਜ਼ ਦੱਬਣ ਵਾਲੇ ਸ਼ਰਾਬ ਦੇ ਕਾਰੋਬਾਰ ਦੇ ਬਾਦਸ਼ਾਹ ਵਿਜੇ ਮਾਲਿਆ ਨੂੰ ਲੰਦਨ ਤੋਂ ਗ੍ਰਿਫ਼ਤਾਰ ਕਰਨ ਤੋਂ ਫੌਰਨ ਬਾਅਦ ਜ਼ਮਾਨਤ ਵੀ ਦੇ ਦਿੱਤੀ ਗਈ ਹੈ। ਭਾਰਤ ਵਿੱਚ ਉਹ ਹਾਲੇ ਵੀ ਭਗੌੜਾ ਹੀ ਹੈ।
ਕਰਜ਼ ਵਾਪਸ ਨਾ ਕਰਨ, ਪੈਸਿਆਂ ਦੇ ਹੇਰਫੇਰ ਤੇ ਮਨੀ ਲਾਂਡਰਿੰਗ ਦੇ ਕੇਸਾਂ ਵਿੱਚ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਵਿਜੇ ਮਾਲਿਆ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਸੀ, ਜਿਸ ਕਾਰਨ ਉਸ ਦੀ ਅੱਜ ਗ੍ਰਿਫਤਾਰੀ ਹੋਈ ਸੀ।
ਜ਼ਿਕਰਯੋਗ ਹੈ ਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਉਸ ਦੀ ਭਾਰਤ ਵਿਚਲੀ ਜਾਇਦਾਦ ਨੂੰ ਨਿਲਾਮ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਪਰ ਕੋਈ ਵੱਡੀ ਜਾਇਦਾਦ ਦੀ ਸਫ਼ਲ ਨਿਲਾਮੀ ਨਹੀਂ ਸੀ ਹੋ ਸਕੀ। ਇਸ ਕਾਰਨ ਕੇਂਦਰ ਸਰਕਾਰ ਦੀ ਕਾਫੀ ਆਲੋਚਨਾ ਵੀ ਹੋਈ ਸੀ, ਕਿ ਉਸ ਨੂੰ ਵਿਦੇਸ਼ ਭੱਜਣ ਵਿੱਚ ਸਫਲ ਰਹਿਣ ਵਿੱਚ ਕਿਤੇ ਸਰਕਾਰੀ ਸਹਾਇਤਾ ਤਾਂ ਨਹੀਂ ਹਾਸਲ ਸੀ।
ਦੱਸ ਦੇਈਏ ਕਿ ਇੰਗਲੈਂਡ ਜਾਣ ਤੋਂ ਬਾਅਦ ਅੱਜ ਤੋਂ ਪਹਿਲਾਂ ਵਿਜੇ ਮਾਲਿਆ ਅਪ੍ਰੈਲ ਮਹੀਨੇ ਵਿੱਚ ਵੀ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਦੋਂ ਵੀ ਉਸ ਨੂੰ ਜ਼ਮਾਨਤ ਮਿਲ ਗਈ ਸੀ।