ਚੰਡੀਗੜ੍ਹ: ਪਾਕਿਸਤਾਨ ਸਥਿਤ ਇਤਿਹਾਸਿਕ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਸ਼ਰਧਾਲੂਆਂ ਪਾਸੋਂ ਦਰਸ਼ਨ ਕਰਨ ਦੀ ਫ਼ੀਸ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਹਾਸਲ ਜਾਣਕਾਰੀ ਅਨੁਸਾਰ ਪਾਕਿਸਤਾਨ ਵਾਲੇ ਪਾਸੇ ਦਰਸ਼ਨ ਕਰਨ ਲਈ ਜਾਣ ਵਾਲੇ ਲੋਕਾਂ ਪਾਸੋਂ 200 ਰੁਪਏ ਪਾਕਿਸਤਾਨੀ ਕਰੰਸੀ ਵਿੱਚ ਲਏ ਜਾਂਦੇ ਸਨ ਜੋ ਹੁਣ ਵਧਾ ਕੇ ਡਬਲ 400 ਕਰ ਦਿੱਤੇ ਗਏ ਹਨ।

ਇਸ ਨੂੰ ਲੈ ਕੇ ਜਿੱਥੇ ਸਿੱਖ ਸੰਸਥਾਵਾਂ ਭਾਰੀ ਵਿਰੋਧ ਕਰ ਰਹੀਆਂ ਹਨ, ਉੱਥੇ ਹੀ ਪਾਕਿਸਤਾਨ ਦੀ ਅਵਾਮ ਵੱਲੋਂ ਵੀ ਇਸ ਗੱਲ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ ਤੇ ਜ਼ੋਰ ਪਾਇਆ ਜਾ ਰਿਹਾ ਹੈ ਕਿ ਇਹ ਹੁਕਮ ਤੁਰੰਤ ਵਾਪਸ ਲਏ ਜਾਣ।

ਕਰੋਨਾ ਕਾਲ ਤੋਂ ਬਾਅਦ ਕਰਤਾਰਪੁਰ ਸਾਹਿਬ ਲਾਂਘੇ ਦੇ 200 ਦਿਨ ਪੂਰੇ ਹੋ ਚੁੱਕੇ ਹਨ ਪਰ ਹੁਣ ਤੱਕ ਸਿਰਫ਼ 47322 ਸ਼ਰਧਾਲੁਆਂ ਨੇ ਹੀ ਦਰਸ਼ਨ ਕੀਤੇ ਹਨ। ਇਹ ਅੰਕੜਾ 50,000 ਵੀ ਪੂਰਾ ਨਹੀਂ ਕਰ ਸਕਿਆ ਜਦਕਿ ਇਕ ਦਿਨ ਵਿੱਚ 5,000 ਯਾਤਰੀ ਜਾਣ ਦੀ ਸ਼ਰਤ ਤੈਅ ਹੋਈ ਸੀ। ਇਸ ਵਿੱਚ ਪਾਸਪੋਰਟ ਦੀ ਸ਼ਰਤ ਤੇ 20 ਡਾਲਰ ਫ਼ੀਸ ਪ੍ਰਮੁੱਖ ਤੌਰ ਤੇ ਅੜਿੱਕੇ ਦਾ ਕਾਰਨ ਬਣ ਰਹੀ ਹੈ।

 

ਦੱਸ ਦੇਈਏ ਕਿ ਕਰਤਾਰਪੁਰ ਸਾਹਿਬ ਇੱਕ ਅਜਿਹਾ ਅਸਥਾਨ ਹੈ ,ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜੀਵਨ ਦੇ 17 ਸਾਲ 5 ਮਹੀਨੇ ਅਤੇ 9 ਦਿਨ ਬਿਤਾਏ ਤੇ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਵੀ ਕਰਤਾਰਪੁਰ ਸਾਹਿਬ ਆ ਕੇ ਵਸ ਗਿਆ ਸੀ। ਗੁਰੂ ਸਾਹਿਬ ਦੇ ਮਾਤਾ-ਪਿਤਾ ਦਾ ਦੇਹਾਂਤ ਵੀ ਇਥੇ ਹੋਇਆ ਸੀ। ਇਤਿਹਾਸ ਮੁਤਾਬਕ ਗੁਰੂ ਨਾਨਕ ਦੇਵ ਜੀ ਵੱਲੋਂ ਭਾਈ ਲਹਿਣਾ ਜੀ ਨੂੰ ਗੁਰਗੱਦੀ ਵੀ ਇਸ ਸਥਾਨ 'ਤੇ ਹੀ ਸੌਂਪੀ ਗਈ ਸੀ, ਜਿਨ੍ਹਾਂ ਨੂੰ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਆਖ਼ਿਰ 'ਚ ਗੁਰੂ ਨਾਨਕ ਦੇਵ ਜੀ ਇਸੇ ਸਥਾਨ 'ਤੇ ਹੀ ਜੋਤੀ ਜੋਤ ਸਮਾਏ ਸਨ।