ਗਾਜ਼ਾ ਪੱਟੀ/ਯੇਰੂਸ਼ਲੇਮ (ਇਜ਼ਰਾਇਲ): ਇਜ਼ਰਾਇਲ ਤੇ ਹਮਾਸ ਵਿਚਾਲੇ ਪਿਛਲੇ 11 ਦਿਨਾਂ ਤੋਂ ਚੱਲਿਆ ਆ ਰਿਹਾ ਸੰਘਰਸ਼ ਵੀਰਵਾਰ ਦੇਰ ਸ਼ਾਮੀਂ ਖ਼ਤਮ ਹੋ ਗਿਆ। ਦੋਵੇਂ ਧਿਰਾਂ ਵਿਚਾਲੇ ‘ਗੋਲੀਬੰਦੀ’ (Ceasefire) ਉੱਤੇ ਸਹਿਮਤੀ ਹੋ ਗਈ ਹੈ। ਇਜ਼ਰਾਇਲੀ ਮੀਡੀਆ ਰਿਪੋਰਟਾਂ ਅਨੁਸਾਰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਸੁਰੱਖਿਆ ਮੰਤਰੀ ਮੰਡਲ ਨੇ ਗਾਜ਼ਾ ਪੱਟੀ ’ਚ 11 ਦਿਨਾਂ ਦੀ ਫ਼ੌਜੀ ਮੁਹਿੰਮ ਨੂੰ ਰੋਕਣ ਲਈ ਇੱਕਤਰਫ਼ਾ ਗੋਲੀਬੰਦੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 
ਫ਼ਲਸਤੀਨੀ ‘ਹਮਾਸ’ ਦੇ ਇੱਕ ਅਧਿਕਾਰੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਇਹ ‘ਗੋਲੀਬੰਦੀ’ ਅੱਜ ਸ਼ੁੱਕਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਤੜਕੇ 2 ਵਜੇ ਤੋਂ ਲਾਗੂ ਹੋ ਗਈ ਹੈ। ਉੱਧਰ ਇਜ਼ਰਾਇਲੀ ਕੈਬਿਨੇਟ ਨੇ ਵੀ ਇਸ ‘ਜੰਗਬੰਦੀ’ ਦੀ ਪੁਸ਼ਟੀ ਕੀਤੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਦਬਾਅ ਹੇਠ ਇਹ ਫ਼ੈਸਲਾ ਲਿਆ ਗਿਆ ਹੈ।

 
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਨੇਤਨਯਾਹੂ ਨੇ ਫ਼ੌਜੀ ਹੈੱਡਕੁਆਰਟਰਜ਼ ਦੇ ਦੌਰੇ ਤੋਂ ਬਾਅਦ ਕਿਹਾ ਸੀ ਕਿ ਉਹ ‘ਅਮਰੀਕਾ ਦੇ ਰਾਸ਼ਟਰਪਤੀ ਦੇ ਸਹਿਯੋਗ ਦੀ ਬਹੁਤ ਸ਼ਲਾਘਾ ਕਰਦੇ ਹਨ’ ਪਰ ਇਜ਼ਰਾਇਲ ਦੇ ਲੋਕਾਂ ਦੀ ਸ਼ਾਂਤੀ ਤੇ ਸੁਰੱਖਿਆ ਵਾਪਸ ਦਿਵਾਉਣ ਲਈ ਦੇਸ਼ ਮੁਹਿੰਮ ਜਾਰੀ ਰੱਖੇਗਾ।

 
ਉਨ੍ਹਾਂ ਕਿਹਾ ਕਿ ਉਹ ‘ਮੁਹਿੰਮ ਦਾ ਮਕਸਦ ਪੂਰਾ ਹੋਣ ਤੱਕ ਉਸ ਨੂੰ ਜਾਰੀ ਰੱਖਣ ਲਈ ਪ੍ਰਤੀਬੱਧ ਹਨ।’ ਨੇਤਨਯਾਹੂ ਦੇ ਇਸ ਬਿਆਨ ਤੋਂ ਕੁਝ ਹੀ ਦੇਰ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਨੇਤਨਯਾਹੂ ਨੂੰ ‘ਤਣਾਅ ਵਿੱਚ ਵੱਡੀ ਕਮੀ’ ਲਿਆਉਣ ਦੀ ਅਪੀਲ ਕੀਤੀ ਸੀ।

 

ਦੋਵੇਂ ਆਗੂਆਂ ਵਿਚਾਲੇ ਹੋਈ ਗੱਲਬਾਤ ਬਾਰੇ ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਅਮਰੀਕਾ ਦੇ ਕਿਸੇ ਸਹਿਯੋਗੀ ਉੱਤੇ ਬਾਇਡੇਨ ਵੱਲੋਂ ਪਾਇਆ ਗਿਆ ਹੁਣ ਤੱਕ ਦਾ ਸਭ ਤੋਂ ਸਖ਼ਤ ਜਨਤਕ ਦਬਾਅ ਸੀ। ਇਸ ਵਿੱਚ ਕਿਹਾ ਗਿਆ ਕਿ ਅਮਰੀਕੀ ਰਾਸ਼ਟਰਪਤੀ ਨੇ ਟੈਲੀਫ਼ੋਨ ਉੱਤੇ ਹੋਈ ਗੱਲਬਾਤ ਵਿੱਚ ਨੇਤਨਯਾਹੂ ਨੂੰ ‘ਜੰਗਬੰਦੀ ਦੇ ਰਸਤੇ’ ਵੱਲ ਵਧਣ ਲਈ ਕਿਹਾ।

 

ਵੀਰਵਾਰ ਨੂੰ ਸੰਯੁਕਤ ਰਾਸ਼ਟਰ ਕੌਂਸਲ ’ਚ ਜਦੋਂ ਫ਼ਲਸਤੀਨੀ ਨੁਮਾਇੰਦੇ ਨੇ ਬੋਲਣਾ ਸ਼ੁਰੂ ਕੀਤਾ, ਤਾਂ ਸੰਯੁਕਤ ਰਾਸ਼ਟਰ ’ਚ ਇਜ਼ਰਾਇਲੀ ਰਾਜਦੂਤ ਗਿਲੈਡ ਅਰਦਾਨ ਉੱਥੋਂ ਬਾਹਰ ਨਿੱਕਲ ਗਏ। ਇਸ ਤੋਂ ਪਹਿਲਾਂ ਅਰਦਾਨ ਨੇ ਆਖਿਆ ਸੀ ਕਿ ਉਹ ਜੰਗ ਇਜ਼ਰਾਇਲ ਤੇ ਫ਼ਲਸਤੀਨ ਵਿਚਾਲੇ ਨਹੀਂ ਹੈ, ਸਗੋਂ ਇਜ਼ਰਾਇਲ ਤੇ ਅੱਤਵਾਦੀ ਸੰਗਠਨ ‘ਹਮਾਸ’ ਵਿਚਾਲੇ ਹੈ।

 

ਗਿਲੈਡ ਅਰਦਾਨ ਨੇ ਕਿਹਾ ਕਿ ਅਸੀਂ ਇਹ ਸੰਘਰਸ਼ ਨੂੰ ਨਹੀਂ ਚਾਹੁੰਦੇ ਸਾਂ। ਅਸੀਂ ਸੰਘਰਸ਼ ਨੂੰ ਰੋਕਣ ਲਈ ਹਰ ਸੰਭਵ ਜਤਨ ਕੀਤਾ ਹੈ ਪਰ ਹਮਾਸ ਹਿੰਸਾ ਨੂੰ ਭੜਕਾਉਣ ਲਈ ਪ੍ਰਤੀਬੱਧ ਸੀ। ਹੁਣ ਅਸੀਂ ਗੋਲੀਬੰਦੀ ਦੀ ਸੰਭਾਵਨਾ ’ਚ ਇਸ ਅੱਤਵਾਦੀ ਮਸ਼ੀਨ ਨੂੰ ਬਰਬਾਦ ਕਰ ਰਹੇ ਹਨ। ਅਸੀਂ ਇਸ ਸਮੱਸਿਆ ਦਾ ਇਲਾਜ ਲੱਭ ਰਹੇ ਹਾਂ ਨਾ ਕਿ ਕੋਈ ਮੱਲ੍ਹਮ–ਪੱਟੀ।

 

ਇਜ਼ਰਾਇਲ ਤੇ ਹਮਾਸ ਦੀ ਜੰਗ 11 ਦਿਨ ਪਹਿਲਾਂ ਸ਼ੁਰੂ ਹੋਈ ਸੀ, ਜਦੋਂ ਅੱਤਵਾਦੀ ਸਮੂਹ ਨੇ ਯੇਰੂਸ਼ਲੇਮ ਉੱਤੇ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਰਾਕੇਟ ਦਾਗੇ ਸਨ। ਇਸ ਤੋਂ ਪਹਿਲਾਂ ਅਲ–ਅਕਸਾ ਮਸਜਿਦ ਵਿੱਚ ਫ਼ਲਸਤੀਨੀ ਪ੍ਰਦਰਸ਼ਨਕਾਰੀਆਂ ਤੇ ਇਜ਼ਰਾਇਲੀ ਪੁਲਿਸ ਵਿਚਾਲ ਝੜਪਾਂ ਕਾਰਣ ਹਾਲਾਤ ਤਣਾਅਪੂਰਣ ਬਣੇ ਹੋਏ ਸਨ।

 
ਇਸ ਤੋਂ ਇਜ਼ਰਾਇਲ ਨੇ ‘ਹਮਾਸ’ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਸੈਂਕੜੇ ਹਵਾਈ ਹਮਲੇ ਕੀਤੇ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ 64 ਬੱਚਿਆਂ ਤੇ 38 ਔਰਤਾਂ ਸਮੇਤ 227 ਫ਼ਲਸਤੀਨੀ ਮਾਰੇ ਗਏ ਹਨ ਤੇ 1,620 ਵਿਅਕਤੀ ਜ਼ਖ਼ਮੀ ਹੋਏ ਹਨ। ਉੱਧਰ ਇਜ਼ਰਾਇਲ ’ਚ ਪੰਜ ਸਾਲ ਦੇ ਲੜਕੇ, 16 ਸਾਲਾਂ ਦੀ ਲੜਕੀ ਤੇ ਇੱਕ ਫ਼ੌਜੀ ਸਮੇਤ 12 ਵਿਅਕਤੀਆਂ ਦੀ ਮੌਤ ਹੋਈ ਹੈ। ਇੰਝ ਇਸ ਸੰਘਰਸ਼ ਵਿੱਚ ਕੁੱਲ 239 ਮੌਤਾਂ ਹੋਈਆਂ ਹਨ।


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ