ਲੰਦਨ: ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਮੈਨਚੈਸਟਰ ਏਅਰਪੋਰਟ ਦੇ ਕਰਮੀਆਂ ‘ਤੇ ਬਦਸਲੂਕੀ ਦੇ ਇਲਜ਼ਾਮ ਲਾਏ ਹਨ। ਅਕਰਮ ਮੁਤਾਬਕ, ਮੰਗਲਵਾਰ ਨੂੰ ਏਅਰਪੋਰਟ ‘ਤੇ ਉਨ੍ਹਾਂ ਨੂੰ ਕਰਮਚਾਰੀਆਂ ਵੱਲੋਂ ਆਪਣੀਆਂ ਦਵਾਈਆਂ ਕੂੜੇਦਾਨ ‘ਚ ਸੁੱਟਣ ਲਈ ਕਿਹਾ ਗਿਆ। ਇਸ ਦੀ ਜਾਣਕਾਰੀ ਵਸੀਮ ਨੇ ਸੋਸ਼ਲ ਮੀਡੀਆ ‘ਤੇ ਦਿੱਤੀ। ਅਕਰਮ 1997 ਤੋਂ ਟਾਈਪ-1 ਡਾਇਬੀਟੀਜ਼ ਦਾ ਇਲਾਜ ਕਰਵਾ ਰਹੇ ਹਨ, ਉਦੋਂ ਉਹ ਪਾਕਿਸਤਾਨ ਦੇ ਕਪਤਾਨ ਹੁੰਦੇ ਸੀ। ਅਕਰਮ ਨੂੰ ਦਿਨ ‘ਚ ਕਈ ਵਾਰ ਇੰਸੂਲਿਨ ਦਾ ਇੰਜੈਕਸ਼ਨ ਲੈਣਾ ਪੈਂਦਾ ਹੈ।
ਅਕਰਮ ਨੇ ਟਵੀਟ ਕਰ ਕਿਹਾ, “ਮੈਨਚੈਸਟਰ ਏਅਰਪੋਰਟ ‘ਤੇ ਅੱਜ ਮੇਰਾ ਦਿਲ ਟੁੱਟ ਗਿਆ। ਮੈਂ ਦੁਨੀਆ ਭਰ ‘ਚ ਇੰਸੂਲਿਨ ਨਾਲ ਸਫ਼ਰ ਕੀਤਾ ਹੈ। ਅੱਜ ਜੋ ਹੋਇਆ, ਉਸ ਨੇ ਮੇਰਾ ਦਿਲ ਤੋੜ ਦਿੱਤਾ। ਮੈਂ ਕਾਫੀ ਦਬਾਅ ਮਹਿਸੂਸ ਕਰ ਰਿਹਾ ਹਾਂ। ਮੇਰੇ ਨਾਲ ਕਾਫੀ ਬੇਰੁਖੀ ਨਾਲ ਗੱਲ ਕੀਤੀ ਗਈ ਤੇ ਜਨਤਕ ਤੌਰ ‘ਤੇ ਇੰਸੂਲਿਨ ਨੂੰ ਇਸ ਦੇ ਕੋਲਡ ਕੇਸ ਤੋਂ ਕੱਢ ਕੇ ਪਲਾਸਟਿਕ ਬੈਗ ‘ਚ ਰੱਖਿਆ ਗਿਆ।”
53 ਸਾਲ ਦੇ ਅਕਰਮ ਹਾਲ ਹੀ ‘ਚ ਇੰਗਲੈਂਡ ‘ਚ ਹੋਏ ਆਈਸੀਸੀ ਵਰਲਡ ਕੱਪ ਦੇ ਕਮੈਂਟੇਟਰ ਸੀ। ਅਕਰਮ ਨੇ ਕਿਹਾ, “ਏਅਰਪੋਰਟ ਪ੍ਰਬੰਧਨ ਨੇ ਉਨ੍ਹਾਂ ਦੀ ਡਾਈਬਿਟੀਜ਼ ਦੀਆਂ ਦਵਾਈਆਂ ਦੀ ਸਹੀ ਦੇਖਰੇਖ ਨਹੀਂ ਕੀਤੀ।” ਅਕਰਮ ਨੇ ਪਾਕਿ ਲਈ 104 ਟੈਸਟ ‘ਚ 414 ਤੇ 356 ਵਨਡੇ ‘ਚ 502 ਵਿਕਟਾਂ ਲਈਆਂ ਹਨ।