ਵਾਸ਼ਿੰਗਟਨ: ਸਿੱਖ ਭਾਈਚਾਰੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਅਮਰੀਕਾ ਵਿੱਚ ਵਸਦੇ ਸਿੱਖਾਂ ਨੇ ਮੁਹਿੰਮ ਸ਼ੁਰੂ ਕਰਨਗੇ। ਨਫ਼ਰਤੀ ਅਪਰਾਧਾਂ ’ਚ ਵਾਧੇ ਮਗਰੋਂ ਸਿੱਖਾਂ ਨੇ ਅਪਰੈਲ ’ਚ ‘ਵੀ ਆਰ ਸਿੱਖਜ਼’ (ਅਸੀਂ ਸਿੱਖ ਹਾਂ) ਮੁਹਿੰਮ ਸ਼ੁਰੂ ਕੀਤੀ ਸੀ ਅਤੇ ਇਸ ਰਾਹੀਂ ਘੱਟ ਗਿਣਤੀ ਬਾਰੇ ਫੈਲੇ ਭਰਮਾਂ ਨੂੰ ਦੂਰ ਕੀਤਾ ਗਿਆ ਅਤੇ ਸਿੱਖੀ ਬਾਰੇ ਜਾਗਰੂਕ ਕਰਨ ਦੇ ਯਤਨ ਕੀਤੇ ਗਏ।
ਜਥੇਬੰਦੀ ਵੱਲੋਂ ਜਾਰੀ ਬਿਆਨ ਮੁਤਾਬਕ ਨੈਸ਼ਨਲ ਸਿੱਖ ਕੈਂਪੇਨ (ਐਨਐਸਸੀ) ਤਹਿਤ ਮੁਲਕ ਭਰ ’ਚੋਂ 9.2 ਕਰੋੜ ਲੋਕਾਂ ਨੇ ਦਸਤਖ਼ਤ ਕੀਤੇ ਅਤੇ ਉਨ੍ਹਾਂ ਨੂੰ ਸਮਝਾਇਆ ਗਿਆ ਕਿ ਸਿੱਖ ਵੱਖਰੀ ਕੌਮ ਹੈ।
ਐਨਐਸਸੀ ਨੇ ਭਾਈਚਾਰੇ ਦੀ ਹਮਾਇਤ ਹਾਸਲ ਕਰਨ ਲਈ 14 ਸ਼ਹਿਰਾਂ ’ਚ ਫੰਡ ਇਕੱਠੇ ਕਰਨ ਦੇ ਸਮਾਗਮ ਕਰਵਾਏ। ਇਸ ਮੁਹਿੰਮ ਦੀ ਕੁੱਲ ਲਾਗਤ 13 ਲੱਖ ਡਾਲਰ ਹੋਵੇਗੀ। ਐਨਐਸਸੀ ਦੇ ਸਹਿ ਬਾਨੀ ਅਤੇ ਸੀਨੀਅਰ ਸਲਾਹਕਾਰ ਡਾਕਟਰ ਰਾਜਵੰਤ ਸਿੰਘ ਨੇ ਕਿਹਾ ਕਿ ਸੀਮਤ ਫੰਡਾਂ ਨਾਲ ਅਮਰੀਕੀਆਂ ਨੂੰ ਸਮਝਾਇਆ ਗਿਆ ਕਿ ਸਿੱਖ ਕੌਣ ਹਨ।
ਕੈਲੀਫੋਰਨੀਆ ਦੇ ਨਿੱਕ ਸਹੋਤਾ ਨੇ ਕਿਹਾ ਕਿ ਕਈ ਲੋਕਾਂ ਨੇ ਸਿੱਖਾਂ ਨੂੰ ਸੜਕਾਂ ’ਤੇ ਰੋਕ ਕੇ ਉਨ੍ਹਾਂ ਦਾ ਧੰਨਵਾਦ ਕੀਤਾ। ਐਨਐਸਸੀ ਦੇ ਇਕ ਹੋਰ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਕਿਹਾ,‘‘ਸਿੱਖਾਂ ਦੀ ਸ਼ਲਾਘਾ ਬਾਰੇ ਉਨ੍ਹਾਂ ਕੋਲ ਕਈ ਕਹਾਣੀਆਂ ਹਨ।
ਇਕ 92 ਵਰ੍ਹਿਆਂ ਦੀ ਮਹਿਲਾ ਆਈ ਅਤੇ ਮੇਰੇ ਗਲੇ ਲੱਗ ਕੇ ਦੱਸਿਆ ਕਿ ਕਿਵੇਂ ਵਿਤਕਰੇ ਕਰਕੇ 1928 ’ਚ ਉਸ ਦੇ ਸਿੱਖ ਪਤੀ ਨੂੰ ਮੁਲਕ ਛੱਡਣਾ ਪਿਆ ਸੀ।’’ ਐਨਐਸੀ ਹੁਣ ਅਮਰੀਕੀ ਟੀਵੀ ਸਟੇਸ਼ਨਾਂ ਲਈ ਹਾਲੀਵੁੱਡ ਨਾਲ ਜੁੜੀ ਮੀਡੀਆ ਕੰਪਨੀ ਅਤੇ ਮਸ਼ਹੂਰ ਫਿਲਮ ਕੰਪਨੀ ਨਾਲ ਮਿਲ ਕੇ ਵੀਡੀਓ ਅਤੇ ਦਸਤਾਵੇਜ਼ੀ ਤਿਆਰ ਕਰਨ ਲਈ ਗੱਲਬਾਤ ਕਰ ਰਹੀ ਹੈ।