ਨਿਊਯਾਰਕ- ਵੱਕਾਰ ਵਾਲੀ ਅੰਤਰ ਰਾਸ਼ਟਰੀ ਪੱਤਰਿਕਾ ਟਾਈਮ ਨੇ ਇਸ ਸਾਲ ਦੇ ਲਈ ‘ਪਰਸਨ ਆਫ ਦਿ ਯੀਅਰ-2017’ ਦਾ ਐਲਾਨ ਕਰ ਦਿੱਤਾ ਹੈ। ਉਸ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਸਾਲ 2017 ਦਾ ‘ਪਰਸਨ ਆਫ ਦ ਯੀਅਰ’ ਚੁਣਿਆ ਹੈ। ਇਸ ਚੋਣ ਲਈ ਟਾਈਮ ਨੇ ਆਨਲਾਈਨ ਵੋਟਿੰਗ ਕਰਵਾਈ ਸੀ, ਜਿਸ ਵਿਚ ਪ੍ਰਿੰਸ ਨੂੰ 24 ਫੀਸਦੀ ਵੋਟ ਮਿਲੇ ਸਨ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਟਾਈਮ ਨੇ ‘ਪਰਸਨ ਆਫ ਦਿ ਯੀਅਰ-2017’ ਲਈ ਸ਼ਾਰਟ ਲਿਸਟ ਕੀਤੇ ਗਏ 10 ਨਾਂਵਾਂ ਦਾ ਐਲਾਨ ਕੀਤਾ ਸੀ। ਇਸ ਸੂਚੀ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਅਮੇਜ਼ਨ ਕੰਪਨੀ ਦੇ ਸੀ ਈ ਓ ਜੈਫ ਬੇਜੋਸ, ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ, ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਨਾਲ ਯੌਨ ਸ਼ੋਸ਼ਣ ਨੂੰ ਸਾਹਮਣੇ ਲਿਆਉਣ ਵਾਲੇ ਅੰਦੋਲਨ ਹੈਸ਼ ਟੈਗ ਮੀਟੂ ਦਾ ਨਾਂ ਸ਼ਾਮਿਲ ਸੀ। ਹੈਸ਼ ਟੈਗ ਮੀ ਟੂ ਦੂਜੇ ਸਥਾਨ ਉੱਤੇ ਰਹੇ। ਉਨ੍ਹਾਂ ਨੂੰ 6 ਫੀਸਦੀ ਵੋਟ ਮਿਲੇ ਸਨ।

ਇਸ ਹੈਸ਼ ਟੈਗ ਦੇ ਰਾਹੀਂ ਔਰਤਾਂ ਨੇ ਆਪਣੇ ਨਾਲ ਹੋਏ ਜਿਨਸੀ ਹਮਲਿਆਂ ਦੀਆਂ ਘਟਨਾਵਾਂ ਤੇ ਆਪਣੇ ਦੁਖਦਾਈ ਅਨੁਭਵ ਨੂੰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਸੀ। ਇਸ ਸੂਚੀ ਵਿਚ ਤੀਜੇ ਸਥਾਨ ਉੱਤੇ ਕਾਲਿਨ ਕੈਪਰਿਕ, ਰਾਬਰਟ ਮੁਲਰ ਅਤੇ ਡ੍ਰੀਮਰਸ ਰਹੇ। ਇਨ੍ਹਾਂ ਤਿੰਨਾਂ ਨੂੰ 5 ਫੀਸਦੀ ਵੋਟ ਮਿਲੇ। ਸਿਰਫ 2 ਫੀਸਦੀ ਵੋਟਾਂ ਨਾਲ ਅਮਰੀਕਾ ਦੇ ਰਾਸ਼ਟਰਪਤੀ ਟਰੰਪ 6ਵੇਂ ਸਥਾਨ ਉੱਤੇ ਰਹੇ।