ਅਮਰੀਕਾ 'ਚ ਇਜ਼ਰਾਈਲ ਖਿਲਾਫ ਪ੍ਰਦਰਸ਼ਨ ਕਰ ਰਹੇ ਭਾਰਤੀ ਮੂਲ ਦੀ ਵਿਦਿਆਰਥਣ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਮੁਟਿਆਰ ਅਮਰੀਕਾ ਦੀ ਵੱਕਾਰੀ ਪ੍ਰਿੰਸਟਨ ਯੂਨੀਵਰਸਿਟੀ ਦੀ ਵਿਦਿਆਰਥਣ ਹੈ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੀ ਗਈ ਵਿਦਿਆਰਥਣ ਤਾਮਿਲਨਾਡੂ ਦਾ ਜੰਮਪਲ ਅਚਿੰਤਿਆ ਸਿਵਲਿੰਗਨ ਹੈ ਅਤੇ ਉਸ ਦੇ ਨਾਲ ਹਸਨ ਸਈਅਦ ਨਾਮ ਦੇ ਇਕ ਹੋਰ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਲੋਕ ਕਈ ਹੋਰਨਾਂ ਦੇ ਨਾਲ ਗਾਜ਼ਾ ਪੱਟੀ ਵਿੱਚ ਫਲਸਤੀਨੀਆਂ ਨੂੰ ਨਿਸ਼ਾਨਾ ਬਣਾ ਕੇ ਇਜ਼ਰਾਈਲ ਦੇ ਹਮਲਿਆਂ ਦਾ ਵਿਰੋਧ ਕਰ ਰਹੇ ਸਨ। ਇਨ੍ਹਾਂ ਦੋਵਾਂ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਪ੍ਰਿੰਸਟਨ ਐਲੂਮਨੀ ਵੀਕਲੀ ਦੀ ਰਿਪੋਰਟ ਤੋਂ ਮਿਲੀ ਹੈ।
ਯੂਨੀਵਰਸਿਟੀ ਦੇ ਬੁਲਾਰੇ ਜੈਨੀਫਰ ਮੋਰਿਲ ਨੇ ਕਿਹਾ ਕਿ ਦੋਵਾਂ ਵਿਦਿਆਰਥੀਆਂ ਨੂੰ ਕੈਂਪਸ ਤੋਂ ਬੈਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ 'ਤੇ ਬਿਨਾਂ ਇਜਾਜ਼ਤ ਯੂਨੀਵਰਸਿਟੀ 'ਚ ਟੈਂਟ ਲਗਾਉਣ ਅਤੇ ਅੰਦੋਲਨ ਕਰਨ ਦਾ ਵੀ ਦੋਸ਼ ਹੈ। ਹਾਲਾਂਕਿ ਇਨ੍ਹਾਂ ਨੂੰ ਯੂਨੀਵਰਸਿਟੀ ਦੇ ਹੋਸਟਲ ਵਿੱਚ ਰਹਿਣ ਦੀ ਇਜਾਜ਼ਤ ਹੋਵੇਗੀ। ਤਾਮਿਲਨਾਡੂ ਦੀ ਰਹਿਣ ਵਾਲੀ ਅਚਿੰਤਿਆ ਸਿਵਲਿੰਗਨ ਪਬਲਿਕ ਅਫੇਅਰਜ਼ ਵਿੱਚ ਮਾਸਟਰਜ਼ ਦੀ ਡਿਗਰੀ ਕਰ ਰਹੀ ਹੈ। ਸਈਅਦ ਹਸਨ ਪ੍ਰਿੰਸਟਨ ਯੂਨੀਵਰਸਿਟੀ ਤੋਂ ਪੀਐਚਡੀ ਕਰ ਰਹੇ ਹਨ। ਇੱਕ ਬਿਆਨ ਵਿੱਚ, ਇੱਕ ਯੂਨੀਵਰਸਿਟੀ ਦੇ ਬੁਲਾਰੇ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਥਾਂ ਖਾਲੀ ਕਰਨ ਅਤੇ ਸਿਆਸੀ ਅੰਦੋਲਨ ਤੋਂ ਬਚਣ ਲਈ ਕਈ ਵਾਰ ਚੇਤਾਵਨੀ ਦਿੱਤੀ ਗਈ ਸੀ।
ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਵੀ ਜਦ ਇਹ ਨਹੀਂ ਮੰਨੇ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹੁਣ ਅਚਿੰਤਿਆ ਅਤੇ ਹਸਨ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਵਿਦਿਆਰਥੀਆਂ ਨੇ ਅੰਦੋਲਨ ਬੰਦ ਕਰ ਦਿੱਤਾ ਹੈ ਅਤੇ ਉਥੋਂ ਆਪਣੇ ਟੈਂਟ ਵੀ ਹਟਾ ਲਏ ਹਨ। ਯੂਨੀਵਰਸਿਟੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੇ ਕੈਂਪਸ ਵਿਚ ਆਉਣ 'ਤੇ ਪਾਬੰਦੀ ਲਗਾਈ ਗਈ ਹੈ, ਪਰ ਹੋਸਟਲ ਵਿੱਚ ਰਹਿ ਸਕਣਗੇ। ਰਿਪੋਰਟ ਮੁਤਾਬਕ ਇਸ ਪ੍ਰਦਰਸ਼ਨ 'ਚ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਹੋਰ ਬਾਹਰੀ ਲੋਕਾਂ ਨੇ ਵੀ ਹਿੱਸਾ ਲਿਆ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਕਈ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਇਜ਼ਰਾਈਲ ਦੇ ਖਿਲਾਫ ਅੰਦੋਲਨ ਹੋ ਚੁੱਕੇ ਹਨ। ਇਸ ਬਾਰੇ ਇਜ਼ਰਾਈਲ ਦੇ ਪੀਐਮ ਬੈਂਜਾਮਿਨ ਨੇਤਨਯਾਹੂ ਨੇ ਵੀ ਅਮਰੀਕਾ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਤੁਸੀਂ ਸਾਡੀ ਤਬਾਹੀ ਦੇ ਨਾਅਰੇ ਲਗਾ ਰਹੇ ਹੋ।