ਮਹਿਤਾਬ-ਉਦ-ਦੀਨ
‘ਐਪਲ’ ਨੇ ਬੀਤੇ ਦਿਨੀਂ iMac, iPad Pro ਅਤੇ ਆਪਣੇ ਹੋਰ ਕਈ ਉਤਪਾਦ ਲਾਂਚ ਕਰਨ ਲਈ ਇੱਕ ਵੱਡਾ ਸਮਾਰੋਹ ਰੱਖਿਆ ਸੀ, ਜਿਸ ਵਿੱਚ ‘ਐਪਲ’ ਨਾਲ ਪਿਛਲੇ ਪੰਜ ਸਾਲਾਂ ਤੋਂ ‘ਇੰਜੀਨੀਅਰਿੰਗ ਪ੍ਰੋਗਰਾਮ ਮੈਨੇਜਰ’ ਵਜੋਂ ਜੁੜੇ ਨਵਪ੍ਰੀਤ ਸਿੰਘ ਕਲੋਟੀ ਛਾਏ ਰਹੇ। ਉਨ੍ਹਾਂ ਦੁਨੀਆਂ ਨੂੰ ਨਵੇਂ iMac ਦੀਆਂ ਕੈਮਰਾ ਸਮਰੱਥਾਵਾਂ ਬਾਰੇ ਜਾਣਕਾਰੀ ਦਿੱਤੀ। ‘ਐਪਲ’ ਦੇ ਕਿਸੇ ਸਮਾਰੋਹ ’ਚ ਇੰਨੇ ਉੱਚ ਪੱਧਰ ਉੱਤੇ ਪਹਿਲੀ ਵਾਰ ਕਿਸੇ ਸਿੱਖ ਨੂੰ ਪੇਸ਼ ਕੀਤਾ ਗਿਆ ਹੈ।
‘ਐਪਲ’ ਦਾ ਹੈੱਡਕੁਆਰਟਰਜ਼ ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਕੁਪਰਟਿਨੋ ’ਚ ਸਥਿਤ ਹੈ ਅਤੇ ਨਵਪ੍ਰੀਤ ਸਿੰਘ ਕਲੋਟੀ ਇੱਥੇ ਹੀ ਕੰਮ ਕਰਦੇ ਹਨ। ਉਹ ਮਈ 2016 ਤੋਂ ‘ਐਪਲ’ ਲਈ ਕੰਮ ਕਰ ਰਹੇ ਹਨ। ਪਹਿਲੇ ਵਰ੍ਹੇ ਦੀ ਇੱਕ ਤਿਮਾਹੀ ਤੱਕ ਉਨ੍ਹਾਂ ਟੇਸਲਾ ’ਚ ਪ੍ਰੋਡਕਟ ਮੈਨੇਜਮੈਂਟ ਟੀਮ ਨਾਲ ਇੰਟਰਨ ਵਜੋਂ ਕੰਮ ਕੀਤਾ ਸੀ।
ਉਸ ਤੋਂ ਪਹਿਲਾਂ 2014 ’ਚ ਉਹ ‘ਸਨਕੋਰ ਐਨਰਜੀ’ ਨਾਂਅ ਦੀ ਕੰਪਨੀ ਨਾਲ ਜੁੜੇ ਰਹੇ ਸਨ। ਉਨ੍ਹਾਂ ਕੈਨੇਡੀਅਨ ਸੂਬੇ ਉਨਟਾਰੀਓ ਦੇ ਲੰਦਨ ਵਿਖੇ 10n6 ਨਾਂ ਦੀ ਫ਼ਰਮ ਲਈ ਵੀ 5 ਮਹੀਨੇ ਕੰਮ ਕੀਤਾ ਸੀ।
ਸਾਲ 2016 ’ਚ ਨਵਪ੍ਰੀਤ ਸਿੰਘ ਕਲੋਟੀ ਨੇ ਯੂਨੀਵਰਸਿਟੀ ਆੱਫ਼ ਵਾਟਰਲੂ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਐਪਲਾਈਡ ਸਾਇੰਸ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਸੀ। ‘ਇੰਡੀਆ ਟੂਡੇ’ ਵੱਲੋਂ ਪ੍ਰਕਾਸ਼ਿਤ ਸਾਰਥਕ ਡੋਗਰਾ ਅਤੇ ‘ਦਿ ਕੁਇੰਟ’ ਵੱਲੋਂ ਪ੍ਰਕਾਸ਼ਿਤ ਮੇਹਾਬ ਕੁਰੈਸ਼ੀ ਦੀ ਰਿਪੋਰਟ ਅਨੁਸਾਰ ਨਵਪ੍ਰੀਤ ਸਿੰਘ ਕਲੋਟੀ ਨੇ 2018 ’ਚ ਹਾਰਵਰਡ ਯੂਨੀਵਰਸਿਟੀ ਤੋਂ ਕਾਰਪੋਰੇਟ ਸਟ੍ਰੈਟਿਜੀ ’ਚ ਪੋਸਟ–ਗ੍ਰੈਜੂਏਸ਼ਨ ਕੀਤੀ ਸੀ। ਉਹ ਸਦਾ ਗ੍ਰੇਡ–ਏ ਦੇ ਵਿਦਿਆਰਥੀ ਰਹੇ ਹਨ।
ਨਵਪ੍ਰੀਤ ਸਿੰਘ ਕਲੋਟੀ ਨੇ ‘ਐਪਲ’ ਦੀ M1 ਚਿੱਪ ਵਾਲਾ ਨਵਾਂ iMac ਲਾਂਚ ਕਰਦਿਆਂ ਦੱਸਿਆ ਕਿ ਇਹ ਪਿਛਲੇ iMac ਦੇ ਮੁਕਾਬਲੇ 85 ਫ਼ੀ ਸਦੀ ਤੇਜ਼ੀ ਨਾਲ ਕੰਮ ਕਰੇਗਾ। ਇਹ 24 ਇੰਚ ਲੰਮਾ ਉਪਕਰਣ ਹੈ ਤੇ ਇਸ ਦਾ ਰੈਜ਼ੋਲਿਯੂਸ਼ਨ 4.5K ਹੈ। ਇਹ ਸੱਤ ਰੰਗਾਂ – ਹਰਾ, ਪੀਲਾ, ਗੁਲਾਬੀ, ਸੰਤਰੀ, ਨੀਲਾ, ਬੈਂਗਣੀ ਤੇ ਸਿਲਵਰ ਵਿੱਚ ਆਵੇਗਾ।
ਉਨ੍ਹਾਂ ਕਿਹਾ ਕਿ ਨਵੇਂ iMac ’ਚ ਛੇ ਸਟੀਰੀਓ ਸਪੀਕਰ ਲੱਗੇ ਹੋਏ ਹਨ ਅਤੇ ਸਪੈਸ਼ਲ ਆਡੀਓ ਲਈ ਇਸ ਵਿੱਚ ਐਡਵਾਂਸਡ ਐਲਗੋਰਿਦਮਜ਼ ਹਨ। ਇਹ ਮਈ ਮਹੀਨੇ ਦੇ ਦੂਜੇ ਅੱਧ ਵਿੱਚ ਘੱਟ ਤੋਂ ਘੱਟ 1,499 ਡਾਲਰ ਦੀ ਕੀਮਤ ਉੱਤੇ ਉਪਲਬਧ ਹੋਵੇਗਾ।