PM Justin Trudeau: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ 'ਚ ਭਾਰਤ ਦੀ ਭੂਮਿਕਾ ਨੂੰ ਲੈ ਕੇ ਖਦਸ਼ਾ ਜ਼ਾਹਰ ਕਰਨ ਮਗਰੋਂ ਚਰਚਾ ਵਿੱਚ ਹਨ। ਜੀ-20 ਸੰਮੇਲਨ ਦੌਰਾਨ ਉਨ੍ਹਾਂ ਦੀ ਭਾਰਤ ਫੇਰੀ ਵੀ ਚਰਚਾ ਵਿੱਚ ਰਹੀ ਹੈ। ਹੁਣ ਉਨ੍ਹਾਂ ਬਾਰੇ ਇੱਕ ਹੋਰ ਖ਼ੁਲਾਸਾ ਹੋਇਆ ਹੈ। ਜੀ-20 ਸੰਮੇਲਨ ਲਈ ਭਾਰਤ ਪੁੱਜਣ ਤੋਂ ਬਾਅਦ ਟਰੂਡੋ ਨੇ ਇੱਕ ਸਾਦੇ ਹੋਟਲ ਦੇ ਕਮਰੇ ਵਿੱਚ ਰਹਿਣਾ ਪਸੰਦ ਕੀਤਾ। ਹਾਲਾਂਕਿ ਇਸ ਸਬੰਧੀ ਭਾਰਤ ਜਾਂ ਕੈਨੇਡਾ ਸਰਕਾਰ ਵੱਲੋਂ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਪਰ ਕੈਨੇਡੀਅਨ ਪੀਐਮ ਦਾ ਇਹ ਰਵੱਈਆ ਵੱਡੀ ਬੁਝਾਰਤ ਬਣਿਆ ਹੋਇਆ ਹੈ।
ਟਰੂਡੋ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸਮੇਤ ਕਈ ਵੱਡੇ ਨੇਤਾ ਰਾਜਧਾਨੀ ਦਿੱਲੀ 'ਚ ਕਰਵਾਏ ਜੀ-20 ਸੰਮੇਲਨ 'ਚ ਸ਼ਾਮਲ ਹੋਏ ਸਨ। ਸਾਰੇ ਵੀਵੀਆਈਪੀ ਮਹਿਮਾਨਾਂ ਲਈ ਲਗਜ਼ਰੀ ਹੋਟਲ ਵਿੱਚ ਪ੍ਰੈਜ਼ੀਡੈਂਸ਼ੀਅਲ ਸੂਟ ਬੁੱਕ ਕੀਤੇ ਗਏ ਸਨ। ਹੁਣ ਇੱਕ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਰੂਡੋ ਨੇ ਲਲਿਤ ਹੋਟਲ ਵਿੱਚ ਆਪਣੇ ਸੂਟ ਦੀ ਵਰਤੋਂ ਨਹੀਂ ਕੀਤੀ ਸੀ। ਰਿਪੋਰਟ ਮੁਤਾਬਕ ਉਹ ਕਾਫੀ ਦੇਰ ਤੱਕ ਹੋਟਲ ਦੇ ਇੱਕ ਸਾਦੇ ਕਮਰੇ 'ਚ ਰਹੇ। ਫਿਲਹਾਲ ਇਸ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ। ਭਾਰਤ ਸਰਕਾਰ ਨੇ ਦੁਨੀਆ ਭਰ ਤੋਂ ਆਏ ਵੀਵੀਆਈਪੀ ਮਹਿਮਾਨਾਂ ਲਈ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਸਨ।
ਦੱਸ ਦਈਏ ਕਿ ਭਾਰਤ ਫੇਰੀ ਦੌਰਾਨ ਟਰੂਡੋ ਦੇ ਜਹਾਜ਼ 'ਚ ਖਰਾਬੀ ਆਉਣ 'ਤੇ ਕੈਨੇਡੀਅਨ ਸਰਕਾਰ ਨੂੰ ਇੱਕ ਹੋਰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ। ਦੋ ਦਿਨਾਂ ਮੀਟਿੰਗ ਤੋਂ ਬਾਅਦ ਉਨ੍ਹਾਂ ਨੇ 10 ਸਤੰਬਰ ਨੂੰ ਕੈਨੇਡਾ ਲਈ ਰਵਾਨਾ ਹੋਣਾ ਸੀ। ਹਾਲਾਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਇਸ ਸਮੱਸਿਆ ਕਰਕੇ ਪੰਜ ਦਿਨ ਲੱਗ ਗਏ ਤੇ ਉਹ 12 ਸਤੰਬਰ ਨੂੰ ਭਾਰਤ ਤੋਂ ਜਾ ਸਕੇ।
ਜੀ-20 ਸਿਖਰ ਸੰਮੇਲਨ 8 ਤੋਂ 10 ਸਤੰਬਰ ਦਰਮਿਆਨ ਭਾਰਤ ਵਿੱਚ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ 'ਚ ਤਕਨੀਕੀ ਖਰਾਬੀ ਕਾਰਨ ਟਰੂਡੋ ਨੂੰ ਕਾਫੀ ਪ੍ਰੇਸ਼ਾਨੀ ਆਈ ਸੀ। ਉਹ 11 ਸਤੰਬਰ ਨੂੰ ਵੀ ਹੋਟਲ ਦੇ ਕਮਰੇ ਤੋਂ ਬਾਹਰ ਨਹੀਂ ਆਏ। ਇੰਨਾ ਹੀ ਨਹੀਂ ਇਸ ਸਮੱਸਿਆ ਨੂੰ ਲੈ ਕੇ ਕੈਨੇਡੀਅਨ ਮੀਡੀਆ ਨੇ ਵੀ ਟਰੂਡੋ ਸਰਕਾਰ ਨੂੰ ਘੇਰਿਆ ਸੀ।