ਕੈਲੀਫੋਰਨੀਆ: ਵਾਈਨ ਬਣਾਉਣ ਲਈ ਮਸ਼ਹੂਰ ਕੈਲੀਫੋਰਨੀਆ 'ਚ ਇਸ ਵੇਲੇ ਭਿਆਨਕ ਅੱਗ ਫੈਲ ਚੁੱਕੀ ਹੈ। ਇਹ ਅੱਗ ਤੇਜ਼ੀ ਨਾਲ ਫੈਲ ਰਹੀ ਹੈ। ਇਸ 'ਚ ਘੱਟੋ-ਘੱਟ 10 ਮੌਤਾਂ ਹੋ ਚੁੱਕੀਆਂ ਹਨ ਤੇ ਦੋ ਬੰਦੇ ਗੰਭੀਰ ਜ਼ਖਮੀ ਹੋਏ ਹਨ। ਇਸ ਇਲਾਕੇ ਦੇ ਕਈ ਲੋਕ ਲਾਪਤਾ ਵੀ ਹਨ। ਅੱਗ ਲੱਗਣ ਤੋਂ ਬਾਅਦ ਨਾਪਾ, ਸੋਨੋਮਾ ਤੇ ਯੂਬਾ ਤੋਂ ਕਰੀਬ 20 ਹਜ਼ਾਰ ਲੋਕਾਂ ਨੂੰ ਹਟਾਇਆ ਗਿਆ ਹੈ। ਇਨ੍ਹਾਂ ਇਲਾਕਿਆਂ 'ਚ ਅੰਗੂਰ ਦੀ ਖੇਤੀ ਹੁੰਦੀ ਹੈ। ਕੈਲੀਫੋਰਨੀਆ ਦੇ ਗਵਰਨਰ ਜੇਰੀ ਬ੍ਰੌਨ ਨੇ ਨਾਪਾ, ਸੋਨੋਮਾ ਤੇ ਯੂਬਾ 'ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਅੱਗ ਦੀਆਂ ਲਪਟਾਂ ਨਾਲ ਮੌਸਮ ਹੋਰ ਗਰਮ ਹੋ ਗਿਆ ਹੈ। ਤੇਜ਼ ਹਵਾ ਚੱਲ ਰਹੀ ਹੈ। ਅੱਗ ਨਾਲ ਸੜ ਰਹੇ ਘਰਾਂ ਤੋਂ ਲੋਕ ਜਾਨ ਬਚਾ ਕੇ ਭੱਜ ਰਹੇ ਹਨ। ਯੂਬਾ ਦੇ ਇੱਕ ਨਿਵਾਸੀ ਨੇ ਇਸ ਬਾਰੇ ਦੱਸਿਆ ਕਿ ਪੂਰੇ ਇਲਾਕੇ 'ਚ ਅੱਗ ਦੀ ਲਾਲ ਤੇ ਤੇਜ਼ ਲਪਟਾਂ ਵਿਖਾਈ ਦੇ ਰਹੀਆਂ ਹਨ। 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚਲ ਰਹੀ ਹੈ। ਮੇਰੇ ਗੁਆਂਢ ਦੇ ਘਰ ਸੜ ਗਏ ਪਰ ਮੈਂ ਆਪਣੇ ਆਪ ਨੂੰ ਬਚਾ ਲਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੰਗੂਰ ਦੇ ਬਾਗਾਂ 'ਚ ਕੰਮ ਕਰਨ ਵਾਲੇ ਦਰਜਨਾਂ ਲੋਕਾਂ ਨੂੰ ਹੈਲੀਕਾਪਟਰ ਤੋਂ ਕੱਢਿਆ ਗਿਆ ਹੈ। ਤੇਜ਼ ਹਵਾ, ਨਮੀ ਦੀ ਘਾਟ ਤੇ ਗਰਮ ਮੌਸਮ ਕਾਰਨ ਅੱਗ ਤੇਜ਼ੀ ਨਾਲ ਫੈਲ ਰਹੀ ਹੈ।