ਕਾਬੁਲ: ਭਾਰਤ ਨਾਲ ਵਪਾਰ ਵਿੱਚ ਅੜਿੱਕਾ ਪਾਏ ਜਾਣ ਉੱਤੇ ਅਫ਼ਗ਼ਾਨਿਸਤਾਨ ਨੇ ਪਾਕਿਸਤਾਨ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਆਖਿਆ ਹੈ ਕਿ ਜੇਕਰ ਪਾਕਿਸਤਾਨ ਸਾਨੂੰ ਵਾਹਗਾ ਸਰਹੱਦ ਤੋਂ ਭਾਰਤ ਨਾਲ ਵਪਾਰ ਕਰਨ ਤੋਂ ਰੋਕੇਗਾ ਤਾਂ ਸੈਂਟਰਲ ਏਸ਼ੀਆ ਸਟੇਟਸ (CAS) ਨੂੰ ਜਾਣ ਵਾਲੇ ਸਾਰੇ ਰਸਤੇ ਰੋਕ ਦਿੱਤੇ ਜਾਣਗੇ। ਅਸ਼ਰਫ਼ ਗ਼ਨੀ 14 ਸਤੰਬਰ ਤੋਂ ਦੋ ਦਿਨ ਦੇ ਭਾਰਤ ਦੌਰੇ ਉੱਤੇ ਆਉਣ ਵਾਲੇ ਹਨ। ਇਸ ਕਰਕੇ ਉਨ੍ਹਾਂ ਦੇ ਇਸ ਬਿਆਨ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।
ਮੀਡੀਆ ਰਿਪੋਰਟ ਦੇ ਅਨੁਸਾਰ ਗ਼ਨੀ ਨੇ ਸ਼ੁੱਕਰਵਾਰ ਨੂੰ ਯੂਕੇ ਦੇ ਪਾਕਿਸਤਾਨ-ਅਫ਼ਗ਼ਾਨਿਸਤਾਨ ਲਈ ਸਪੈਸ਼ਲ ਨੁਮਾਇੰਦੇ ਔਵਨ ਜੇਨਕਿੰਸ ਨਾਲ ਮੁਲਾਕਾਤ ਵੀ ਕੀਤੀ। ਰਾਸ਼ਟਰਪਤੀ ਦੇ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਹੈ ਕਿ ਜੇਕਰ ਪਾਕਿਸਤਾਨ ਵਾਹਗਾ ਤੋਂ ਭਾਰਤ ਵਿੱਚ ਸਾਮਾਨ ਲੈ ਕੇ ਜਾਣ ਦੀ ਖੁੱਲ੍ਹ ਨਹੀਂ ਦਿੰਦਾ ਤਾਂ ਸੈਂਟਰਲ ਏਸ਼ਿਆਈ ਦੇਸਾਂ ਵਿੱਚ ਪਾਕਿਸਤਾਨ ਦੇ ਵਪਾਰ ਉੱਤੇ ਬੈਨ ਲਾ ਦੇਵੇਗਾ।
ਯਾਦ ਰਹੇ ਕਿ ਇਸਲਾਮਾਬਾਦ ਵਿੱਚ ਪਿਛਲੇ ਦਿਨੀਂ ਹੋਈ ਹਾਰਟ ਆਫ਼ ਏਸ਼ੀਆ ਸੰਮੇਲਨ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਫਗਾਨਿਸਤਾਨ-ਪਾਕਿਸਤਾਨ ਟਰੇਡ ਐਂਡ ਟ੍ਰਾਜਿੰਟ ਐਗਰੀਮੈਂਟ ਵਿੱਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ ਸੀ। ਦੂਜੇ ਪਾਸੇ ਪਾਕਿਸਤਾਨ ਨੇ ਅਫ਼ਗ਼ਾਨਿਸਤਾਨ ਦੇ ਇਸ ਬਿਆਨ ਤੋਂ ਬਾਅਦ ਸੈਂਟਰਲ ਏਸ਼ੀਆ ਲਈ ਵੱਖਰੇ ਰੂਟ ਦੀ ਭਾਲ ਸ਼ੁਰੂ ਕਰ ਦਿੱਤੀ ਹੈ।