1...ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਨ੍ਹਾਂ ਦੇ ਡਿਪਟੀ ਪੀ.ਐਮ. ਨਾਲ ਡਿਨਰ ਕਰਨ ਦੀ ਚਾਹ ਰੱਖਣ ਵਾਲਿਆ ਨੂੰ 6.84 ਕਰੋੜ ਰੁਪਏ ਦੇਣੇ ਪੈਣਗੇ। ਇਹ ਡਿਨਰ ਉਨ੍ਹਾਂ ਦੇ ਸੰਹੁ ਚੁੱਕ ਸਮਾਗਮ ਮਗਰੋਂ 20 ਜਨਵਰੀ ਨੂੰ ਹੋਵੇਗਾ ਜਿਸ ਵਿੱਚ ਮੁੱਖ ਰੂਪ ਨਾਲ ਉਨ੍ਹਾਂ ਦੇ ਅਰਬਪਤੀ ਦੋਸਤ ਤੇ ਸਹਿਯੋਗੀ ਹੋਣਗੇ। 2...ਅਫਗਾਨਿਸਤਾਨ ਦੇ 2 ਸੂਬਿਆਂ ਵਿੱਚ ਚਲਾਏ ਗਏ ਅਭਿਆਨਾਂ ਵਿੱਚ ਕਰੀਬ 34 ਅੱਤਵਾਦੀ ਮਾਰੇ ਗਏ ਤੇ 12 ਜ਼ਖਮੀ ਹੋ ਗਏ। ਸਮਾਚਾਰ ਏਜੰਸੀ ਸਿਨੰਹੂਆ ਨੇ ਇੱਕ ਬਿਆਨ ਦੇ ਹਵਾਲੇ ਤੋਂ ਕਿਹਾ ਕਿ ਅਫਗਾਨ ਸੈਨਾ ਨੇ ਅੱਤਵਾਦੀਆਂ ਨੂੰ ਖਦੇੜਨ ਲਈ ਅੱਟਲ ਨਾਮੀ ਨਵੇਂ ਅਭਿਆਨ ਦੀ ਸ਼ੁਰੂਆਤ ਕੀਤੀ ਹੈ। 3…ਬ੍ਰਿਟੇਨ ਦੇ ਸਭ ਤੋਂ ਵੱਧ ਉਮਰ ਦੇ ਸ਼ਖਸ ਜੌਹਨ ਮੈਨਸਫੀਲਡ ਦਾ 108 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਇਨ੍ਹਾਂ ਦਾ 16 ਦਿਨ ਬਾਅਦ 109ਵਾਂ ਜਨਮ ਦਿਨ ਸੀ। ਉਹ ਜੈਕ ਦੇ ਨਾਮ ਨਾਲ ਜਾਣੇ ਜਾਂਦੇ ਸਨ। ਮੈਟਰੋ ਕੋ.ਯੂਕੇ ਮੁਤਾਬਕ ਉਨ੍ਹਾਂ ਦਾ ਜਨਮ 1907 ਵਿੱਚ ਹੋਇਆ ਸੀ। 4….ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਾਕਿਸਤਾਨ ਦੇ ਪੀ.ਐਮ. ਨਵਾਜ਼ ਸ਼ਰੀਫ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਉਹ ਬਹੁਤ ਚੰਗਾ ਕੰਮ ਕਰ ਰਹੇ ਹਨ। ਬੀ.ਬੀ.ਸੀ. ਦੀ ਖਬਰ ਮੁਤਾਬਕ ਸ਼ਰੀਫ ਨੇ ਟਰੰਪ ਨੂੰ ਰਾਸ਼ਟਰਪਤੀ ਚੁਣੇ ਜਾਣ ਦੀ ਵਧਾਈ ਦੇਣ ਲਈ ਫੋਨ ਕੀਤਾ ਸੀ। 5...ਟਰੰਪ ਨੇ ਸ਼ਰੀਫ ਨੂੰ ਕਿਹਾ ਕਿ ਉਹ ਪਾਕਿਸਤਾਨ ਦੇ ਅਣਸੁਲਝੇ ਮਸਲਿਆਂ ਨੂੰ ਸੁਲਝਾਉਣ ਲਈ ਪਾਕਿਸਤਾਨ ਜੋ ਭੂਮਿਕਾ ਚਾਹੇ, ਉਸ ਨੂੰ ਨਿਭਾਉਣ ਲਈ ਤਿਆਰ ਹਨ। ਸ਼ਰੀਫ ਨੇ ਟਰੰਪ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ। ਇਸ 'ਤੇ ਟਰੰਪ ਨੇ ਕਿਹਾ ਉਹ ਪਾਕਿਸਤਾਨ ਆਉਣਾ ਪਸੰਦ ਕਰਨਗੇ। 6…ਸੰਯੁਕਤ ਰਾਸ਼ਟਰ ਦੇ ਸੀਨੀਅਰ ਦੂਤ ਨੇ ਚੇਤਾਵਨੀ ਦਿੱਤੀ ਹੈ ਕਿ ਸੀਰੀਆਈ ਸ਼ਹਿਰ ਅਲੈਪੋ ਇੱਕ ਵੱਡੇ ਕਬਰਗਾਹ ਵਿੱਚ ਤਬਦੀਲ ਹੋ ਸਕਦਾ ਹੈ ਕਿਉਂਕਿ ਉੱਥੇ ਸਰਕਾਰੀ ਸੈਨਾਵਾਂ ਦੀ ਵਿਦਰੋਹੀਆਂ ਨੂੰ ਮਾਰਨ ਦੀ ਕੋਸ਼ਿਸ਼ ਜਾਰੀ ਹੈ। ਬੀਬੀਸੀ ਦੀ ਖਬਰ ਮੁਤਾਬਕ ਉਨ੍ਹਾਂ ਸੁਰੱਖਿਆ ਪ੍ਰੀਸ਼ਦ ਨੂੰ ਬੇਨਤੀ ਕੀਤੀ ਇਨਸਾਨੀਅਤ ਖਾਤਰ ਨਾਗਰਿਕਾਂ ਨੂੰ ਬਚਾ ਲਿਆ ਜਾਵੇ। 7….ਬੀਬੀਸੀ ਦੀ ਖਬਰ ਮੁਤਾਬਕ ਇੱਕ ਲੀਕ ਆਡੀਓ ਰਿਕਾਰਡਿੰਗ ਤੋਂ ਪਤਾ ਲੱਗਾ ਹੈ ਕਿ ਕੋਲੰਬੀਆ ਵਿੱਚ ਹਾਦਸੇ ਦੇ ਸ਼ਿਕਾਰ ਹੋਏ ਜਹਾਜ਼ ਦਾ ਈਂਧਨ ਖਤਮ ਹੋ ਗਿਆ ਸੀ। ਇਸ ਵਿੱਚ ਬ੍ਰਾਜ਼ੀਲ ਦੇ ਫੁਟਬਾਲ ਖਿਡਾਰੀਆਂ ਸਮੇਤ ਸਵਾਰ 77 ਲੋਕਾਂ ਵਿੱਚੋਂ ਸਿਰਫ 6 ਹੀ ਜਿਉਂਦੇ ਬਚ ਸਕੇ। 8….ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ (ਆਈ.ਓ.ਐਮ.) ਮੁਤਾਬਕ ਪਿਛਲੇ ਇੱਕ ਸਾਲ ‘ਚ ਸੀਰੀਆ ਦੇ ਹਾਲਾਤ ਤੋਂ ਭੱਜ ਕੇ ਭੂ-ਮੱਧ ਸਾਗਰ ਪਾਰ ਕਰ ਯੂਰਪ ਜਾਣ ਦੀ ਕੋਸ਼ਿਸ਼ ਕਰਦਿਆਂ 4700 ਸ਼ਰਨਾਰਥੀ ਸਮੁੰਦਰ ‘ਚ ਡੁੱਬ ਆਪਣੀ ਜਾਨ ਗਵਾ ਚੁੱਕੇ ਹਨ। ਅੰਕੜਿਆਂ ਮੁਤਾਬਕ ਇਹ ਗਿਣਤੀ ਪਿਛਲੇ ਸਾਲ ਦੇ ਮੁਤਾਬਕ ਵੱਧ ਹੈ।