India Canada Relations: ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ ਵਿਚਾਲੇ ਲਗਾਤਾਰ ਤਣਾਅ ਦਾ ਮਾਹੌਲ ਬਣਦਾ ਜਾ ਰਿਹਾ ਹੈ। ਇਸ ਵਿਚਾਲੇ ਕੈਨੇਡਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਲਈ ਇੱਕ ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ। ਖਾਸ ਕਰਕੇ ਜਿਹੜੇ ਵਿਦਿਆਰਥੀ ਪੰਜਾਬ ਦੇ ਹਨ, ਉਹ ਸਟੱਡੀ ਵੀਜ਼ਾ ਲੈ ਕੇ ਪੱਕੇ ਤੌਰ ’ਤੇ ਉਥੇ ਰਹਿਣ ਲਈ ਚਲੇ ਗਏ ਹਨ। ਸਾਹਮਣੇ ਆਈ ਜਾਣਕਾਰੀ ਮੁਤਾਬਕ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੇ ਭਾਰਤ ਦੇ ਨਾਲ-ਨਾਲ ਵਿਦੇਸ਼ੀ ਵਿਦਿਆਰਥੀਆਂ ਖਿਲਾਫ ਵੀ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ, ਜਿਸ ਕਾਰਨ ਵਿਦਿਆਰਥੀ ਪਰੇਸ਼ਾਨ ਹੋ ਗਏ ਹਨ।


ਵਿਦਿਆਰਥੀਆਂ ਨੂੰ ਭੇਜੇ ਜਾ ਰਹੇ ਈ-ਮੇਲ 


ਸਾਹਮਣੇ ਆਈਆਂ ਰਿਪੋਰਟਾਂ ਮੁਤਾਬਕ ਕੈਨੇਡਾ 'ਚ ਪੜ੍ਹ ਰਹੇ ਵਿਦਿਆਰਥੀਆਂ ਨੇ ਖੁਦ ਦੱਸਿਆ ਕਿ ਉਨ੍ਹਾਂ ਨੂੰ ਈ-ਮੇਲ ਮਿਲ ਰਹੀਆਂ ਹਨ, ਜਿਸ 'ਚ ਉਨ੍ਹਾਂ ਨੂੰ ਸਟੱਡੀ ਪਰਮਿਟ, ਵੀਜ਼ਾ ਅਤੇ ਵਿਦਿਅਕ ਰਿਕਾਰਡ ਵਰਗੇ ਜ਼ਰੂਰੀ ਦਸਤਾਵੇਜ਼ ਦੁਬਾਰਾ ਜਮ੍ਹਾ ਕਰਨ ਲਈ ਕਿਹਾ ਗਿਆ ਹੈ। ਇਸ ਵਿੱਚ ਉਨ੍ਹਾਂ ਦੇ ਅੰਕ ਅਤੇ ਹਾਜ਼ਰੀ ਵੀ ਸ਼ਾਮਲ ਹੈ। ਵਿਦੇਸ਼ ਮੰਤਰਾਲੇ ਮੁਤਾਬਕ ਕੈਨੇਡਾ 'ਚ ਸਭ ਤੋਂ ਵੱਧ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ, ਇਸ ਲਈ ਅਚਾਨਕ ਆਈ ਈ-ਮੇਲ ਕਾਰਨ ਵਿਦਿਆਰਥੀ ਆਪਣੇ ਭਵਿੱਖ ਨੂੰ ਲੈ ਕੇ ਕਾਫੀ ਚਿੰਤਤ ਹੋ ਗਏ ਹਨ।


ਪਹਿਲਾਂ ਵੀ ਕੀਤਾ ਗਿਆ ਸੀ ਤੰਗ 


ਪਿਛਲੇ ਹਫ਼ਤੇ ਵੀ ਪੰਜਾਬ ਦੇ ਵਿਦਿਆਰਥੀਆਂ ਨੂੰ ਅਜਿਹੀਆਂ ਕਈ ਈ-ਮੇਲ ਭੇਜੀਆਂ ਗਈਆਂ ਸਨ। ਕੁਝ ਵਿਦਿਆਰਥੀਆਂ ਨੂੰ ਆਪਣੇ ਪ੍ਰਮਾਣ ਪੱਤਰ ਸੌਂਪਣ ਲਈ ਵਿਅਕਤੀਗਤ ਤੌਰ 'ਤੇ IRCC ਦਫਤਰਾਂ ਵਿੱਚ ਜਾਣ ਲਈ ਵੀ ਕਿਹਾ ਗਿਆ ਸੀ। ਜੇਕਰ ਇਹ ਵਿਦਿਆਰਥੀ ਸਮੇਂ ਸਿਰ ਇਨ੍ਹਾਂ ਸਾਰੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਨ੍ਹਾਂ ਦਾ ਵੀਜ਼ਾ ਵੀ ਰੱਦ ਹੋ ਸਕਦਾ ਹੈ। ਇਸ ਕਾਰਨ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।